ਨਵੀਂ ਦਿੱਲੀ, 27 ਅਕਤੂਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ, ਭਾਰਤ ਵੱਲੋਂ ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਉਸ ਦੀ ਪਿੱਠ ’ਤੇ ਖੜ੍ਹਾ ਹੈ। ਪੌਂਪੀਓ ਨੇ ਪੂਰਬੀ ਲੱਦਾਖ ਵਿੱਚ ਗਲਵਾਨ ਵਾਦੀ ’ਚ ਚੀਨੀ ਫੌਜ ਨਾਲ ਝੜੱਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ, ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਸਮੇਤ ਹੋਰਨਾਂ ਵੱਲੋਂ ਦਰਪੇਸ਼ ਕਿਸੇ ਵੀ ਖ਼ਤਰੇ ਦੇ ਟਾਕਰੇ ਲਈ ਆਪਸੀ ਸਹਿਯੋਗ ਨੂੰ ਵਧੇਰੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਇਸੇ ਦੌਰਾਨ ਦੋਵਾਂ ਮੁਲਕਾਂ ਨੇ ਤੀਜੇ ਗੇੜ ਦੇ ਮੰਤਰੀ ਪੱਧਰ ਦੇ 2+2 ਸੰਵਾਦ ਦੌਰਾਨ ਲੰਮੇ ਸਮੇਂ ਤੋਂ ਬਕਾਇਆ ਬੁਨਿਆਦੀ ਤਬਾਦਲਾ ਤੇ ਸਹਿਯੋਗ ਕਰਾਰ (ਬੈਕਾ) ਸਮੇਤ ਉੱਚ ਮਿਆਰੀ ਫੌਜੀ ਤਕਨੀਕ, ਗੁਪਤ ਉਪਗ੍ਰਹਿ ਡੇਟਾ ਅਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਅਹਿਮ ਜਾਣਕਾਰੀ ਸਾਂਝੀ ਕਰਨ ਜਿਹੇ ਕੁੱਲ ਪੰਜ ਸਮਝੌਤਿਆਂ ’ਤੇ ਸਹੀ ਪਾਈ। ਉਂਜ ਸੰਵਾਦ ਪ੍ਰਮੁੱਖ ਤੌਰ ’ਤੇ ਪੂਰਬੀ ਲੱਦਾਖ, ਹਿੰਦ-ਪ੍ਰਸ਼ਾਂਤ ਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਚੀਨ ਦੇ ਹਮਲਾਵਰ ਰੁਖ਼ ’ਤੇ ਕੇਂਦਰਿਤ ਰਿਹਾ। ਸੰਵਾਦ ਵਿੱਚ ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਅਮਰੀਕਾ ਦੇ ਉਨ੍ਹਾਂ ਦੇ ਹਮਰੁਤਬਾ ਕ੍ਰਮਵਾਰ ਮਾਰਕ ਟੀ ਐਸਪਰ ਤੇ ਮਾਈਕ ਪੌਂਪੀਓ ਸ਼ਾਮਲ ਸਨ।
ਸਰਕਾਰੀ ਸੂਤਰਾਂ ਨੇ ਕਿਹਾ ਕਿ 2+2 ਸੰਵਾਦ ਦੌਰਾਨ ਗੱਲਬਾਤ ਮੁੱਖ ਤੌਰ ’ਤੇ ਚੀਨ ਦੇ ਪੂਰਬੀ ਲੱਦਾਖ ਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ‘ਵਿਸਥਾਰਵਾਦੀ ਰਵੱਈਏ’ ਉੱਤੇ ਕੇਂਦਰਿਤ ਸੀ। ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਹਾਲਾਂਕਿ ਭਾਰਤ ਤੇ ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਉਹ ਖਿੱਤੇ ਤੇ ਇਸ ਤੋਂ ਪਰ੍ਹੇ ਸਾਰੀਆਂ ਸੁਰੱਖਿਆ ਚੁਣੌਤੀਆਂ ਨਾਲ ਮਿਲ ਕੇ ਸਿੱਝਣ ਲਈ ਪੂਰੀ ਤਰ੍ਹਾਂ ਇਕਜੁੱਟ ਹਨ। ਸੰਵਾਦ ਮਗਰੋਂ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਦੀ ਹਾਜ਼ਰੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਂਪੀਓ ਨੇ ਕਿਹਾ, ‘ਅਸੀਂ ਭਾਰਤ ਵੱਲੋਂ ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ਦੀ ਕਾਇਮੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।’ ਅਮਰੀਕੀ ਵਿਦੇਸ਼ ਮੰਤਰੀ ਨੇ ਕੌਮੀ ਜੰਗੀ ਯਾਦਗਾਰ ਦੀ ਆਪਣੀ ਫੇਰੀ ਦਾ ਉਚੇਚਾ ਜ਼ਿਕਰ ਕਰਦਿਆਂ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ’ ਲਈ ਆਪਣੀਆਂ ਜਾਨਾਂ ਵਾਰਨ ਵਾਲੇ 20 ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਪੌਂਪੀਓ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਾਰੀਆਂ ਚੁਣੌਤੀਆਂ ਦੇ ਟਾਕਰੇ ਲਈ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸੁਰੱਖਿਆ ਹਾਲਾਤ ਬਾਰੇ ਕੀਤੀ ਸਮੀਖਿਆ ਇਕ ਦੂਜੇ ਨਾਲ ਸਾਂਝੀ ਕੀਤੀ ਹੈ ਅਤੇ ਦੋਵਾਂ ਮੁਲਕਾਂ ਨੇ ਇਸ ਖਿੱਤੇ ਵਿੱਚ ਅਮਨ, ਸਥਿਰਤਾ ਤੇ ਖੁ਼ਸ਼ਹਾਲੀ ਲਈ ਵਚਨਬੱਧਤਾ ਦੁਹਰਾਈ ਹੈ। ਸਿੰਘ ਨੇ ਕਿਹਾ, ‘ਅਸੀਂ ਨੇਮ ਆਧਾਰਿਤ ਕੌਮਾਂਤਰੀ ਹੁਕਮਾਂ ਦੀ ਬਹਾਲੀ, ਕੌਮਾਂਤਰੀ ਸਾਗਰਾਂ ਵਿੱਚ ਜਹਾਜ਼ਰਾਨੀ ਸਬੰਧੀ ਕਾਨੂੰਨਾਂ ਤੇ ਆਜ਼ਾਦੀ ਦਾ ਸਤਿਕਾਰ ਅਤੇ ਸਾਰੇ ਮੁਲਕਾਂ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਨੂੰ ਬਹਾਲ ਰੱਖਣ ਬਾਰੇ ਸਹਿਮਤੀ ਦਿੱਤੀ ਹੈ।’ ਉਧਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਸਾਡੀ ਗੱਲਬਾਤ ਵਿਸ਼ੇਸ਼ ਤੌਰ ’ਤੇ ਹਿੰਦ-ਪ੍ਰਸ਼ਾਂਤ ਖਿੱਤੇ ’ਤੇ ਕੇਂਦਰਿਤ ਸੀ। ਅਸੀਂ ਇਸ ਖਿੱਤੇ ਦੇ ਸਾਰੇ ਮੁਲਕਾਂ ਲਈ ਅਮਨ, ਸਥਿਰਤਾ ਤੇ ਖ਼ੁਸ਼ਹਾਲੀ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਜਿਵੇਂ ਕਿ ਰੱਖਿਆ ਮੰੰਤਰੀ(ਰਾਜਨਾਥ ਸਿੰਘ) ਨੇ ਕਿਹਾ ਇਹ ਸਭ ਨੇਮ ਅਧਾਰਿਤ ਕੌਮਾਂਤਰੀ ਹੁਕਮਾਂ ਦੀ ਬਹਾਲੀ, ਕੌਮਾਂਤਰੀ ਪਾਣੀਆਂ ਵਿੱਚ ਜਹਾਜ਼ਰਾਨੀ ਦੀ ਆਜ਼ਾਦੀ ਯਕੀਨੀ ਬਣਾਉਣ ਆਦਿ ਜਿਹੇ ਕਾਰਕਾਂ ’ਤੇ ਮੁਨੱਸਰ ਕਰਦੀ ਹੈ।’
ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਅਮਰੀਕਾ, ਹਿੰਦ ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ਼ ਤੇ ਦਾਬੇ ਨੂੰ ਖ਼ਤਮ ਕਰਨ ਅਤੇ ਚੀਨੀ ਸਰਗਰਮੀਆਂ ਨੂੰ ਅਸਥਿਰ ਕਰਨ ਲਈ ਇਸ ਖਿੱਤੇ ਨੂੰ ਮੋਕਲਾ ਤੇ ਖੁੱਲ੍ਹਾ ਬਣਾਉਣ ਲਈ ਭਾਰਤ ਦੇ ‘ਮੋਢੇ ਨਾਲ ਮੋਢਾ’ ਜੋੜ ਕੇ ਖੜ੍ਹਾ ਹੈ।’ ਐਸਪਰ ਨੇ ਭਾਰਤ ਦੇ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ ਕਿਹਾ, ‘ਅਸੀਂ ਸਾਫ਼ ਕਰ ਦਿੱਤਾ ਹੈ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਸਵੀਕਾਰ ਨਹੀਂ ਕਰਾਂਗੇ।’ -ਪੀਟੀਆਈ
ਮਾਈਕ ਪੌਂਪੀਓ ਅਤੇ ਮਾਰਕ ਐਸਪਰ ਨੇ ਕੀਤੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੈਨ ਜਸਟਰ ਵੀ ਮੌਜੂਦ ਸਨ। -ਪੀਟੀਆਈ