ਵਾਸ਼ਿੰਗਟਨ, 27 ਅਪਰੈਲ
ਭਾਰਤੀ-ਅਮਰੀਕੀਆਂ ਦੇ ਸਮੂਹ ਨੇ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੀ ਤਾਜ਼ਾ ਸਾਲਾਨਾ ਰਿਪੋਰਟ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਦੋਸ਼ ਲਾਇਆ ਹੈ ਕਿ ਇਹ ਭਾਰਤ ਖ਼ਿਲਾਫ਼ ਪੱਖਪਾਤੀ ਹੈ। ਰਿਪੋਰਟ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਭਾਰਤ, ਚੀਨ, ਪਾਕਿਸਤਾਨ, ਅਫਗਾਨਿਸਤਾਨ ਅਤੇ 11 ਹੋਰ ਦੇਸ਼ਾਂ ਨੂੰ ਧਾਰਮਿਕ ਆਜ਼ਾਦੀ ਦੀ ਸਥਿਤੀ ਬਾਰੇ ‘ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ’ ਵਜੋਂ ਸੂਚੀਬੱਧ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਹਾਲਾਂਕਿ ਅਮਰੀਕੀ ਸਰਕਾਰ ਇਸ ਸਿਫਾਰਸ਼ ਨੂੰ ਸਵੀਕਾਰ ਕਰਨ ਲਈ ਪਾਬੰਦ ਨਹੀਂ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਯੂਐੱਸ-ਅਧਾਰਤ ਨੀਤੀ ਖੋਜ ਅਤੇ ਜਾਗਰੂਕਤਾ ਸੰਸਥਾ ਹੈ ਤੇ ਇਸ ਦੇ ਮੈਂਬਰ ਖੰਡੇਰਾਓ ਕਾਂਡ ਨੇ ਦੋਸ਼ ਲਾਇਆ, ‘ਭਾਰਤ ਬਾਰੇ ਤਾਜ਼ਾ ਰਿਪੋਰਟ ਪੱਖਪਾਤੀ ਹੈ।’