ਲਖਨਊ, 26 ਸਤੰਬਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇਟੌਂਜਾ ਇਲਾਕੇ ਵਿੱਚ ਮੁੰਡਨ ਦੀ ਰਸਮ ਲਈ ਜਾ ਰਹੇ ਲੋਕਾਂ ਨਾਲ ਭਰੀ ਟਰੈਕਟਰ-ਟਰਾਲੀ ਤਾਲਾਬ ’ਚ ਪਟਟਣ ਕਾਰਨ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਜਦਕਿ 37 ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਅਧਿਕਾਰੀ ਸੂਰਿਆਪਾਲ ਗੰਗਵਾਰ ਨੇ ਦੱਸਿਆ ਕਿ ਸੀਤਾਪੁਰ ਤੋਂ ਕੁਝ ਲੋਕ ਮੁੰਡਨ ਸਮਾਗਮ ਲਈ ਉਨਾਈ ਦੇਵੀ ਮੰਦਰ ਜਾ ਰਹੇ ਸਨ। ਰਸਤੇ ਵਿੱਚ ਇਟੌਂਜਾ ਇਲਾਕੇ ਦੇ ਗਦੀਨਪੁਰਵਾ ਨੇੜੇ ਬੇਕਾਬੂ ਹੋ ਕੇ ਟਰੈਕਟਰ-ਟਰਾਲੀ ਇੱਕ ਤਾਲਾਬ ਵਿੱਚ ਪਲਟ ਗਈ, ਜਿਸ ਕਾਰਨ ਉਸ ਵਿੱਚ ਸਵਾਰ ਲੋਕ ਹੇਠਾਂ ਦੱਬ ਗਏ। ਗੰਗਵਾਰ ਨੇ ਦੱਸਿਆ ਕਿ ਹਾਦਸੇ ਵਿੱਚ 8 ਔਰਤਾਂ ਤੇ 2 ਬੱਚੇ ਮਾਰੇ ਗਏ ਹਨ। ਟਰੈਕਟਰ-ਟਰਾਲੀ ’ਤੇ ਲਗਭਗ 47 ਜਣੇ ਸਵਾਰ ਸਨ। ਉਸ ਨੇ ਦੱਸਿਆ ਕਿ ਨੇੜੇ ਮੌਜੂਦ ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਜ਼ਿਲ੍ਹਾ ਮੈਜਿਸਟਰੇਟ ਮੁਤਾਬਕ ਇਨ੍ਹਾਂ ਵਿੱਚੋਂ ਹੁਣ ਤੱਕ 10 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ ਜਦਕਿ 37 ਜਣੇ ਗੰਭੀਰ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।