ਅਲੀਗੜ੍ਹ, 19 ਸਤੰਬਰ
ਇੱਕ ਖਾਸ ਭਾਈਚਾਰੇ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਵਿਵਾਦਤ ਪੁਜਾਰੀ ਯਤੀ ਨਰਸਿੰਘਨੰਦ, ਅਖਿਲ ਭਾਰਤੀ ਹਿੰਦੂ ਮਹਾਸਭਾ ਦੀ ਇੱਕ ਕਾਰਕੁਨ ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੱਤੀ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਦਾਸਨਾ ਦੇਵੀ ਮੰਦਰ ਦੇ ਮੁਖੀ, ਹਿੰਦੂ ਮਹਾਸਭਾ ਦੀ ਜਨਰਲ ਸਕੱਤਰ ਪੂਜਾ ਸ਼ਾਕੁਨ ਪਾਂਡੇ ਅਤੇ ਉਸ ਦੇ ਪਤੀ ਅਸ਼ੋਕ ਪਾਂਡੇ ਨੇ ਐਤਵਾਰ ਰਾਤ ਨੂੰ ਸ਼ਹਿਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਭੜਕਾਊ ਤਕਰੀਰ ਕੀਤੀ ਸੀ। ਐੱਸਪੀ (ਸਿਟੀ) ਕੁਲਦੀਪ ਸਿੰਘ ਗੁਨਾਵਤ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਬਿਨਾਂ ਕੋਈ ਇਜ਼ਾਜਤ ਲਏ ਕਰਵਾਇਆ ਗਿਆ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਹੈ ਜਿਸ ਵਿੱਚ ਯਤੀ ਨਰਸਿੰਘਾਨੰਦ ਕੁਰਾਨ ਪ੍ਰਤੀ ਮਾੜੀ ਸ਼ਬਦਾਵਲੀ ਵਰਤਦਾ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਮਦਰੱਸਿਆ ਪ੍ਰਤੀ ਭੜਕਾਊ ਟਿੱਪਣੀਆਂ ਕਰਦਾ ਸੁਣਾਈ ਦੇ ਰਿਹਾ ਹੈ। ਯੂਥ ਮੁਸਲਿਮ ਨੇਤਾਵਾਂ ਨੇ ਉਕਤ ਤਿੰਨਾਂ ਜਣਿਆਂ ’ਤੇ ਫਿਰਕੂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਦਾ ਦੋਸ਼ ਲਾਉਣ ਉਨ੍ਹਾਂ ਦੀ ਗ਼੍ਰਿਫ਼ਤਾਰੀ ਦੀ ਮੰਗ ਕੀਤੀ ਹੈ। -ਪੀਟੀਆਈ