ਸੀਤਾਪੁਰ: ਉੱਤਰ ਪ੍ਰਦੇਸ਼ ਦੇ ਮਹੰਤ ਬਜਰੰਗ ਮੁਨੀ ਦਾਸ ਖ਼ਿਲ਼ਾਫ ਪੁਲੀਸ ਨੇ ਇੱਕ ਭਾਈਚਾਰੇ ਖ਼ਿਲਾਫ਼ ਕਥਿਤ ਨਫ਼ਰਤੀ ਭਾਸ਼ਨ ਅਤੇ ਜਬਰ ਜਨਾਹ ਦੀ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬਜਰੰਗ ਮੁਨੀ ਦਾਸ, ਜਿਹੜਾ ਕਿ ਖੈਰਾਬਾਦ ਕਸਬੇ ਵਿੱਚ ਮਹਾਰਿਸ਼ੀ ਸ੍ਰੀ ਲਕਸ਼ਮਣ ਦਾਸ ਉਦਾਸੀਨ ਆਸ਼ਰਮ ਦਾ ਮਹੰਤ ਹੈ, ਨੇ 2 ਅਪਰੈਲ ਨੂੰ ਕਥਿਤ ਭਾਸ਼ਣ ਅਤੇ ਧਮਕੀ ਦਿੱਤੀ ਸੀ, ਜਿਸ ਦੀ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋਈ ਸੀ। ਸੀਤਾਪੁਰ ਦੇ ਏਐੱਸਪੀ ਰਾਜੀਵ ਦੀਕਸ਼ਤ ਨੇ ਦੱਸਿਆ, ‘‘ਖੈਰਾਬਾਦ ਵਿੱਚ ਕਥਿਤ ਨਫ਼ਰਤੀ ਭਾਸ਼ਨ ਦੇਣ ਦੇ ਦੋਸ਼ ਹੇਠ ਮਹੰਤ ਬਜਰੰਗ ਮੁਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬੂਤ ਇਕੱਠੇ ਕਰਨ ਅਤੇ ਜਾਂਚ ਮਗਰੋਂ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।’’ ਦਾਸ ਖ਼ਿਲਾਫ਼ ਭਾਰਤੀ ਸੰਵਿਧਾਨ ਦੀਆਂ ਨਫ਼ਰਤੀ ਭਾਸ਼ਨ ਅਤੇ ਘਟੀਆ ਬਿਆਨ ਸਬੰਧੀ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮਹੰਤ ਦਾਸ ਖ਼ਿਲਾਫ਼ ਕੇਸ ਦਰਜ ਹੋਣ ਦੇ ਕੁਝ ਸਮੇਂ ਬਾਅਦ ਆਨਲਾਈਨ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਸ ਨੇ ਮੁਆਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਉਸ ਦੇ ਬਿਆਨ ਨੂੰ ‘ਗਲਤ ਢੰਗ’ ਨਾਲ ਪੇਸ਼ ਕੀਤਾ ਗਿਆ ਹੈ। -ਪੀਟੀਆਈ