ਲਖਨਊ, 10 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਸੂਬੇ ਦੇ 10 ਮੰਤਰੀਆਂ ਨੂੰ ਹਾਰ ਝੱਲਣੀ ਪਈ ਹੈ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਸਮਾਜਵਾਦੀ ਪਾਰਟੀ ਦੀ ਪੱਲਵੀ ਪਟੇਲ ਨੇ 7,337 ਵੋਟਾਂ ਨਾਲ ਹਰਾਇਆ। ਮੌਰਿਆ ਕੌਸ਼ਾਂਬੀ ਜ਼ਿਲ੍ਹੇ ਦੀ ਸਿਰਾਥੂ ਸੀਟ ਤੋਂ ਉਮੀਦਵਾਰ ਸਨ। ਚੋਣ ਕਮਿਸ਼ਨ ਅਨੁਸਾਰ ਮੌਰਿਆ ਨੂੰ 98,941 ਵੋਟਾਂ ਮਿਲੀਆਂ ਜਦੋਂ ਕਿ ਪੱਲਵੀ ਪਟੇਲ ਨੂੰ 1,06,278 ਵੋਟਾਂ ਮਿਲੀਆਂ। ਉਹ ਕੇਂਦਰੀ ਮੰਤਰੀ ਅਨੂਪ੍ਰਿਆ ਪਟੇਲ ਦੀ ਵੱਡੀ ਭੈਣ ਹਨ। ਮੌਰਿਆ ਤੋਂ ਇਲਾਵ ਗੰਨਾ ਮੰਤਰੀ ਸੁਰੇਸ਼ ਰਾਣਾ ਸ਼ਾਮਲੀ ਜ਼ਿਲ੍ਹੇ ਦੀ ਥਾਣਾਭਵਨ ਸੀਟ ਤੋਂ ਸਪਾ-ਰਾਸ਼ਟਰੀ ਲੋਕਦਲ ਗੱਠਜੋੜ ਦੇ ਅਸ਼ਰਫ਼ ਅਲੀ ਖਾਨ ਤੋਂ 10 ਹਜ਼ਾਰ ਤੋਂ ਵਧ ਵੋਟਾਂ ਨਾਲ ਚੋਣ ਹਾਰ ਗਏ ਹਨ। ਉਧਰ, ਬਰੇਲੀ ਜ਼ਿਲ੍ਹੇ ਦੀ ਬਹੇੜੀ ਵਿਧਾਨ ਸਭਾ ਸੀਟ ਤੋਂ ਰਾਜ ਮੰਤਰੀ ਛੱਤਰਪਾਲ ਸਿੰਘ ਗੰਗਵਾਰ, ਸਪਾ ਦੇ ਅਤਾਉਰਰਹਿਮਾਨ ਤੋਂ 3,355 ਵੋਟਾਂ ਨਾਲ ਹਾਰੇ। ਪੇਂਡੂ ਵਿਕਾਸ ਮੰਤਰੀ ਰਾਜੇਂਦਰ ਪ੍ਰਤਾਪ ਸਿੰਘ ਉਰਫ ਮੋਤੀ ਸਿੰਘ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਪੱੱਟੀ ਵਿਧਾਨ ਸਭਾ ਸੀਟਾ ਤੋਂ ਸਪਾ ਦੇ ਰਾਮ ਸਿੰਘ ਤੋਂ 22,051 ਵੋਟਾਂ; ਰਾਜ ਮੰਤਰੀ ਚੰਦਰਿਕਾ ਪ੍ਰਸਾਦ ਉਪਾਧਆਏ ਚਿਤਰਕੂਟ ਤੋਂ ਸਪਾ ਦੇ ਅਨਿਲ ਕੁਮਾਰ ਤੋਂ 20,876 ਵੋਟਾਂ, ਰਾਜ ਮੰਤਰੀ ਆਨੰਦ ਸਰੂਪ ਸ਼ੁਕਲਾ ਬਲੀਆ ਦੀ ਬੈਰੀਆ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਜੈਪ੍ਰਕਾਸ਼ ਅੰਚਲ ਤੋਂ 12,951 ਵੋਟਾਂ ਨਾਲ ਹਾਰ ਗਏ। ਇਸੇ ਜ਼ਿਲ੍ਹੇ ਦੀ ਫੇਫਨਾ ਸੀਟ ਤੋਂ ਖੇਡ ਮੰਤਰੀ ਉਪੇਂਦਰ ਤਿਵਾੜੀ ਸਪਾ ਦੇ ਸੰਗਰਾਮ ਸਿੰਘ ਤੋਂ 19,354 ਵੋਟਾਂ , ਰਾਜ ਮੰਤਰੀ ਰਣਵੇਂਦਰ ਸਿੰਘ ਧੁੰਨੀ ਨੂੰ ਹੁਸੈਨਗੰਜ ਸੀਟ ’ਤੇ ਸਪਾ ਦੀ ਊਸ਼ਾ ਮੌਰਿਆ ਨੇ 25,181 ਵੋਟਾਂ ਅਤੇ ਔਰੱਈਆ ਜ਼ਿਲ੍ਹੇ ਦੀ ਦਬਿੀਆਪੁਰ ਸੀਟ ਤੋਂ ਮੰਤਰੀ ਲਲਨ ਸਿੰਘ ਰਾਜਪੂਤ ਨੂੰ ਸਪਾ ਦੇ ਪ੍ਰਦੀਪ ਕੁਮਾਰ ਯਾਦਵ ਨੇ ਮਹਿਜ਼ 473 ਵੋਟਾਂ ਨਾਲ ਹਰਾਇਆ। ਸਾਬਕਾ ਵਿਧਾਨ ਸਭਾ ਸਪੀਕਰ ਤੇ ਸਪਾ ਦੇ ਉਮੀਦਵਾਰ ਮਾਤਾ ਪ੍ਰਸਾਦ ਪਾਂਡੇ ਨੇ ਸਿਧਾਰਥਨਗਰ ਜ਼ਿਲ੍ਹੇ ਦੀ ਇਟਾਵਾ ਸੀਟਾ ’ਤੇ ਬੇਸਿਕ ਸਿੱਖਿਆ ਮੰਤਰੀ ਸਤੀਸ਼ ਚੰਦਰ ਦਿਵੇਦੀ ਨੂੰ 1,662 ਵੋਟਾਂ ਨਾਲ ਹਰਾਇਆ।