ਫ਼ਿਰੋਜ਼ਾਬਾਦ (ਉੱਤਰ ਪ੍ਰਦੇਸ਼), 12 ਅਗਸਤ
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਨਗਲਾ ਖਾਂਗਰ ਥਾਣਾ ਖੇਤਰ ’ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ਉਤੇ ਦਿੱਲੀ ਤੋਂ ਗੋਰਖਪੁਰ ਜਾ ਰਹੀ ਇੱਕ ਡਬਲ ਡੈਕਰ ਬੱਸ ਡਿਵਾਈਡਰ ਨਾਲ ਟਕਰਾ ਕੇ ਖੱਡ ’ਚ ਡਿੱਗਣ ਕਾਰਨ 36 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 28 ਯਾਤਰੀਆਂ ਨੂੰ ਹਸਪਤਾਲ ਦਾਖਲ ਹਨ ਜਦਕਿ ਬਾਕੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪੁਲੀਸ ਕਪਤਾਨ (ਦਿਹਾਤੀ) ਅਖਿਲੇਸ਼ ਨਰਾਇਣ ਨੇ ਦੱਸਿਆ ਕਿ ਗੋਰਖਪੁਰ ਦੀ ਪ੍ਰਾਈਵੇਟ ਟਰੈਵਲ ਬੱਸ ਵੀਰਵਾਰ ਰਾਤ 8.30 ਵਜੇ ਸਵਾਰੀ ਲੈ ਕੇ ਗੋਰਖਪੁਰ ਲਈ ਦਿੱਲੀ ਤੋਂ ਰਵਾਨਾ ਹੋਈ। ਜਿਵੇਂ ਹੀ ਬੱਸ ਫਿਰੋਜ਼ਾਬਾਦ ਜ਼ਿਲ੍ਹੇ ਦੇ ਨਗਲਾ ਖਾਂਗਰ ਥਾਣਾ ਖੇਤਰ ਵਿੱਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ਉੱਤੇ ਪਹੁੰਚੀ ਤਾਂ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਨਾਲ ਟਕਰਾ ਕੇ ਖੱਡ ਵਿੱਚ ਡਿੱਗ ਪਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸੈਫਈ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬਾਰਾਬੰਕੀ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਬੰਕੀ ਅਧੀਨ ਪੈਂਦੇ ਰਾਮਨਗਰ ਇਲਾਕੇ ਵਿੱਚ ਇੱਕ ਰੋਡਵੇਜ਼ ਦੀ ਬੱਸ ਨੇ ਓਵਰਟੇਕ ਕਰਦੇ ਸਮੇਂ ਡੀਸੀਐਮ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪਿੰਡ ਦਲਸਰਾਏ ਨੇੜੇ ਵਾਪਰੇ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਚਾਰ ਲੋਕਾਂ ਨੂੰ ਲਖਨਊ ਟਰੌਮਾ ਸੈਂਟਰ ਭੇਜਿਆ ਗਿਆ ਹੈ। ਥਾਣਾ ਇੰਚਾਰਜ ਸੰਤੋਸ਼ ਨੇ ਦੱਸਿਆ ਕਿ ਘਟਨਾ ਵੀਰਵਾਰ ਦੇਰ ਰਾਤ ਦੋ ਵਜੇ ਦੇ ਕਰੀਬ ਵਾਪਰੀ। ਬਲਰਾਮਪੁਰ ਡਿਪੂ ਦੀ ਇਹ ਬੱਸ ਕਾਨਪੁਰ ਤੋਂ ਬਲਰਾਮਪੁਰ ਜਾ ਰਹੀ ਸੀ। ਇਸ ਹਾਦਸੇ ਮੌਕੇ ਬੱਸ ਵਿੱਚ 75 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਇਕ ਦਰਜਨ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੀ ਬੱਸ ਡੀਸੀਐਮ ਟਰੱਕ ਨੂੰ ਓਵਰਟੇਕ ਕਰ ਰਹੀ ਸੀ, ਜਿਸ ਦੌਰਾਨ ਡਰਾਈਵਰ ਨੇ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਬੱਸ ਨੇ ਡੀਸੀਐੱਮ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। -ਪੀਟੀਆਈ