ਵਾਰਾਣਸੀ, 15 ਜੁਲਾਈ
ਕੋਵਿਡ-19 ਖ਼ਿਲਾਫ਼ ਉੱਤਰ ਪ੍ਰਦੇਸ਼ ਦੀ ਲੜਾਈ ਨੂੰ ਮਿਸਾਲੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਖਤਰਨਾਕ ਰੂਪ ਨੇ ਪੂਰੀ ਤਾਕਤ ਨਾਲ ਹਮਲਾ ਕੀਤਾ ਸੀ ਪਰ ਸੂਬੇ ਨੇ ਪੂਰੀ ਹਿੰਮਤ ਨਾਲ ਇਸ ਵੱਡੇ ਸੰਕਟ ਦਾ ਮੁਕਾਬਲਾ ਕੀਤਾ। ਆਪਣੇ ਸੰਸਦੀ ਹਲਕੇ ’ਚ 1500 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਮਹਾਮਾਰੀ ਖ਼ਿਲਾਫ਼ ਕਾਸ਼ੀ ਖੇਤਰ ’ਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਭਰਵੀਂ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, ‘ਮੁਸ਼ਕਿਲ ਹਾਲਾਤ ’ਚ ਵੀ ਕਾਸ਼ੀ ਨੇ ਦਿਖਾ ਦਿੱਤਾ ਹੈ ਕਿ ਉਹ ਰੁਕਦੀ ਨਹੀਂ ਹੈ ਅਤੇ ਉਹ ਥੱਕਦੀ ਵੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨੇ ਪੂਰੀ ਮਨੁੱਖਤਾ ਲਈ ਮੁਸ਼ਕਿਲ ਭਰੇ ਰਹੇ ਹਨ ਤੇ ਇਸ ਦੌਰਾਨ ਕਰੋਨਾਵਾਇਰਸ ਦੇ ਬਦਲਦੇ ਤੇ ਖਤਰਨਾਕ ਰੂਪ ਨੇ ਪੂਰੀ ਤਾਕਨ ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ, ‘ਕਾਸ਼ੀ ਸਮੇਤ ਉੱਤਰ ਪ੍ਰਦੇਸ਼ ਨੇ ਪੂਰੀ ਤਾਕਤ ਨਾਲ ਇੰਨੇ ਵੱਡੇ ਸੰਕਟ ਦਾ ਮੁਕਾਬਲਾ ਕੀਤਾ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਜਿੱਥੋਂ ਦੀ ਅਬਾਦੀ ਕਈ ਦੇਸ਼ਾਂ ਤੋਂ ਵੀ ਵੱਧ ਹੋਵੇਗੀ, ਉੱਥੇ ਕਰੋਨਾ ਦੀ ਦੂਜੀ ਲਹਿਰ ਨੂੰ ਜਿਸ ਤਰ੍ਹਾਂ ਸੰਭਾਲਿਆ, ਉਹ ਮਿਸਾਲੀ ਹੈ।’
ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਸਭ ਤੋਂ ਵੱਧ ਕਰੋਨਾ ਰੋਕੂ ਟੀਕਾਕਰਨ ਵਾਲਾ ਰਾਜ ਵੀ ਹੈ। ਪ੍ਰੋਗਰਾਮ ’ਚ ਹਾਜ਼ਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘ਅੱਜ ਯੋਗੀ ਜੀ ਖੁਦ ਸਖ਼ਤ ਮਿਹਨਤ ਕਰ ਰਹੇ ਹਨ। ਉੱਤਰ ਪ੍ਰਦੇਸ਼ ’ਚ ਸਰਕਾਰ ਅੱਜ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਨਾਲ ਨਹੀਂ ਬਲਕਿ ਵਿਕਾਸਵਾਦ ਨਾਲ ਚੱਲ ਰਹੀ ਹੈ। ਇਸ ਲਈ ਅੱਜ ਇੱਥੇ ਲੋਕ ਭਲਾਈ ਯੋਜਨਾਵਾਂ ਦਾ ਸਿੱਧਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਇਸ ਲਈ ਅੱਜ ਇੱਥੇ ਨਵੇਂ-ਨਵੇਂ ਉਦਯੋਗਾਂ ਲਈ ਨਿਵੇਸ਼ ਹੋ ਰਿਹਾ ਹੈ, ਰੁਜ਼ਗਾਰ ਦੇ ਮੌਕੇ ਵਧ ਰਹੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ’ਚ 100 ਬਿਸਤਰਿਆਂ ਵਾਲੇ ਐੱਮਸੀਐੱਚ ਵਿੰਗ, ਗੋਦੌਲੀਆ ’ਚ ਇੱਕ ਮਲਟੀਲੈਵਲ ਪਾਰਕਿੰਗ, ਗੰਗਾ ਨਦੀ ’ਚ ਸੈਰ-ਸਪਾਟੇ ਦੇ ਵਿਕਾਸ ਲਈ ਰੋ-ਰੋ ਬੇੜੀਆਂ ਤੇ ਵਾਰਾਣਸੀ-ਗਾਜ਼ੀਪੁਰ ਰਾਜਮਾਰਗ ’ਤੇ ਤਿੰਨ ਲੇਨ ਵਾਲੇ ਫਲਾਈਓਵਰ ਸਮੇਤ ਵੱਖ ਵੱਖ ਜਨਤਕ ਪ੍ਰਾਜੈਕਟਾਂ ਤੇ ਕੰਮਾਂ ਦਾ ਉਦਘਾਟਨ ਕੀਤਾ। ਇਹ ਪ੍ਰਾਜੈਕਟ ਤਕਰਬੀਨ 744 ਕਰੋੜ ਰੁਪਏ ਦੀ ਲਾਗਤ ਦੇ ਹਨ। ਉਨ੍ਹਾਂ ਤਕਰੀਬਨ 839 ਕਰੋੜ ਰੁਪਏ ਦੀ ਲਾਗਤ ਦੇ ਕਈ ਪ੍ਰਾਜੈਕਟਾਂ ਤੇ ਜਨਤਕ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ। -ਪੀਟੀਆਈ
ਸਕਿੱਲ ਇੰਡੀਆ ਮੁਹਿੰਮ ਨੂੰ ਰਫ਼ਤਾਰ ਦੇਣ ਦਾ ਸੱਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਕੌਮੀ ਜ਼ਰੂਰਤ ਦੱਸਿਆ ਤੇ ਕਿਹਾ ਕਿ ਉਹ ਆਤਮ ਨਿਰਭਰ ਭਾਰਤ ਦਾ ਵੱਡਾ ਆਧਾਰ ਹਨ। ਵਿਸ਼ਵ ਕੌਸ਼ਲ ਯੁਵਾ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਿਛਲੇ ਛੇ ਸਾਲਾਂ ’ਚ ਤਿਆਰ ਹੋਏ ਸਾਰੇ ਸਰੋਤਾਂ ਦੀ ਵਰਤੋਂ ਕਰਦਿਆਂ ਕੁਸ਼ਲ ਭਾਰਤ ਮੁਹਿੰਮ ਨੂੰ ਨਵੇਂ ਸਿਰੇ ਤੋਂ ਗਤੀ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਨਵੀਂ ਪੀੜ੍ਹੀ ਦੇ ਨੌਜਵਾਨਾਂ ਦਾ ਕੌਸ਼ਲ ਵਿਕਾਸ ਕੌਮੀ ਜ਼ਰੂਰਤ ਹੈ ਅਤੇ ਆਤਮ ਨਿਰਭਰ ਭਾਰਤ ਦਾ ਬਹੁਤ ਵੱਡਾ ਆਧਾਰ ਹੈ।’ -ਪੀਟੀਆਈ
‘ਰੁਦਰਾਕਸ਼’ ਦਾ ਉਦਘਾਟਨ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਨੂੰ ਭਾਰਤ ਦੇ ਸਭ ਤੋਂ ਭਰੋਸੇਯੋਗ ਦੋਸਤਾਂ ’ਚੋਂ ਇੱਕ ਦੱਸਦਿਆਂ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਦੀ ਸੋਚ ਹੈ ਕਿ ਉਨ੍ਹਾਂ ਦਾ ਵਿਕਾਸ ਸਭ ਲਈ ਹੋਣਾ ਚਾਹੀਦਾ ਹੈ ਅਤੇ ਸਭ ਨੂੰ ਜੋੜਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਜਪਾਨ ਦੇ ਸਹਿਯੋਗ ਨਾਲ ਬਣੇ ਕੌਮਾਂਤਰੀ ਸਹਿਯੋਗ ਤੇ ਸੰਮੇਲਨ ਕੇਂਦਰ ‘ਰੁਦਰਾਕਸ਼’ ਦਾ ਉਦਘਾਟਨ ਕਰਦਿਆਂ ਕਹੀ। ਉਨ੍ਹਾਂ ਨਾਲ ਜਪਾਨ ਦੇ ਨੁਮਾਇੰਦੇ ਵੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ’ਚ ਜਪਾਨ ਦੇ ਪ੍ਰਧਾਨ ਮੰਤਰੀ ਸ਼ੁਗਾ ਯੋਸ਼ੀਹਿਦੇ ਦਾ ਇੱਕ ਵੀਡੀਓ ਸੰਦੇਸ਼ ਵੀ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਖੇਤਰ ’ਚ ਜਪਾਨ ਭਾਰਤ ਦੇ ਸਭ ਤੋਂ ਭਰੋਸੇਸੋਗ ਦੋਸਤਾਂ ’ਚੋਂ ਇੱਕ ਹੈ। -ਪੀਟੀਆਈ