ਲਖਨਊ: ਉੱਤਰ ਪ੍ਰਦੇਸ਼ ਕਾਂਵੜ ਸੰਘ ਨੇ ਕਾਂਵੜ ਯਾਤਰਾ ਰੱਦ ਕਰ ਦਿੱੱਤੀ ਹੈ। ਸੰਘ ਵੱਲੋਂ ਇਹ ਫ਼ੈਸਲਾ ਸੂਬਾ ਸਰਕਾਰ ਦੇ ਕਹਿਣ ’ਤੇ ਲਿਆ ਗਿਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਯੂਪੀ ਸਰਕਾਰ ਨੂੰ ਕਿਹਾ ਸੀ ਕਿ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਉਹ ਕਾਂਵੜ ਯਾਤਰਾ ਰੱਦ ਕਰਨ ਬਾਰੇ ਵਿਚਾਰ ਕਰੇ। ਉੱਧਰ ਅਖਿਲ ਭਾਰਤੀ ਅਖਾੜਾ ਪਰਿਸ਼ਦ ਨੇ ਸ਼ਰਧਾਲੂਆਂ ਨੂੰ ਸੁਪਰੀਮ ਕੋਰਟ ਦੀ ਸਲਾਹ ਮੰਨਦਿਆਂ ਕਾਂਵੜ ਯਾਤਰਾ ਨਾ ਕਰਨ ਅਤੇ ਘਰਾਂ ’ਚ ਹੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਉੱਤਰਾਖੰਡ ਸਰਕਾਰ ਪਹਿਲਾਂ ਹੀ ਬਾਹਰ ਤੋਂ ਆਉਣ ਵਾਲੇ ਕਾਂਵੜੀਆਂ ਦੇ ਸੂਬੇ ’ਚ ਦਾਖਲੇ ’ਤੇ ਰੋਕ ਲਾ ਚੁੱਕੀ ਹੈ। ਇਸੇ ਦੌਰਾਨ ਰਾਜਸਥਾਨ ਸਰਕਾਰ ਨੇ ਵੀ ਕਾਂਵੜ ਯਾਤਰਾ ਸਮੇਤ ਸਾਰੇ ਧਾਰਮਿਕ ਸਮਾਗਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਸਾਉਣ ਮਹੀਨੇ ’ਚ ਧਾਰਮਿਕ ਤਿਉਹਾਰਾਂ ਨੂੰ ਦੇਖਦਿਆਂ ਇਕੱਠਾਂ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਨੂੰ ਦੇਖਦਿਆਂ ਜਾਰੀ ਕੀਤੇ ਗਏ ਹਨ ਜਿਸ ਦੇ ਅਗਸਤ ਦੇ ਅਖੀਰ ’ਚ ਫੈਲਣ ਦੀ ਸੰਭਾਵਨਾ ਹੈ। -ਏਜੰਸੀਆਂ