ਲਖਨਊ, 3 ਨਵੰਬਰ
ਉੱਤਰ ਪ੍ਰਦੇਸ਼ ਦੇ ਨਗੀਨਾ ਸੰਸਦੀ ਹਲਕੇ ਤੋਂ ਆਜ਼ਾਦ ਸਮਾਜ ਪਾਰਟੀ-ਕਾਂਸ਼ੀਰਾਮ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਅੱਜ ਦਾਅਵਾ ਕੀਤਾ ਕਿ ਉਹ ਜਿਸ ਵੰਦੇ ਭਾਰਤ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਸਨ, ਉਸ ’ਤੇ ਪਥਰਾਅ ਕੀਤਾ ਗਿਆ ਅਤੇ ਉਨ੍ਹਾਂ ਨੇ ਰੇਲ ਮੰਤਰੀ ਤੇ ਪ੍ਰਸ਼ਾਸਨ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਆਜ਼ਾਦ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਾਪਿਆਂ ਤੇ ਸਕੂਲੀ ਅਧਿਆਪਕਾਂ ਦਾ ਬੱਚਿਆਂ ਨੂੰ ਇਸ ਵਿਸ਼ੇ ’ਤੇ ਜਾਗਰੂਕ ਕਰਨ ਦੀ ਅਪੀਲ ਕੀਤੀ। ਆਜ਼ਾਦ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਕਿਹਾ, ਅੱਜ ਸਵੇਰੇ ਮੈਂ ਵੰਦੇ ਭਾਰਤ ਰੇਲਗੱਡੀ ਰਾਹੀਂ ਦਿੱਲੀ ਤੋਂ ਕਾਨਪੁਰ ਦੀ ਯਾਤਰਾ ਕਰ ਰਿਹਾ ਸੀ। ਸਵੇਰੇ 7.12 ਵਜੇ ਜਿਵੇਂ ਹੀ ਬੁਲੰਦਸ਼ਹਿਰ ਜ਼ਿਲ੍ਹੇ ਦੇ ਕਮਾਲਪੁਰ ਸਟੇਸ਼ਨ ਨੂੰ ਪਾਰ ਕੀਤਾ, ਤਾਂ ਬਾਹਰ ਤੋਂ ਕਿਸੇ ਸ਼ਰਾਰਤੀ ਅਨਸਰ ਨੇ ਪੱਥਰ ਸੁੱਟੇ, ਜਿਸ ਨਾਲ ਮੇਰੇ ਤੋਂ ਦੋ ਸੀਟ ਅੱਗੇ ਬੈਠੇ ਯਾਤਰੀ ਦੇ ਕੋਲ ਦਾ ਸ਼ੀਸ਼ਾ ਟੁੱਟ ਗਿਆ।’’ -ਪੀਟੀਆਈ