ਅਮੇਠੀ (ਯੂਪੀ), 24 ਜੂਨ
ਪ੍ਰਤਾਪਗੜ੍ਹ-ਕਾਨਪੁਰ ਇੰਟਰਸਿਟੀ ਐਕਸਪ੍ਰੈੱਸ ਦੇ ਇੰਜਣ ਡਰਾਈਵਰ ਦੀ ਅੱਜ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਇੱਕ ਰੇਲਵੇ ਅਧਿਕਾਰੀ ਨੇ ਦਿੱਤੀ। ਗੌਰੀਗੰਜ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਪ੍ਰਵੀਨ ਸਿੰਘ ਨੇ ਦੱਸਿਆ ਕਿ ਪਰਸ਼ੂਰਾਮਪੁਰ ਚਿਲਬਿਲਾ ਦਾ ਰਹਿਣ ਵਾਲਾ ਹਰੀਸ਼ਚੰਦਰ ਸ਼ਰਮਾ (46) ਕਾਨਪੁਰ ਵੱਲ ਰੇਲ ਗੱਡੀ ਲਿਜਾ ਰਿਹਾ ਸੀ ਕਿ ਕਾਸਿਮਪੁਰ ਹਾਲਟ ਨੇੜੇ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ। ਸਹਾਇਕ ਡਰਾਈਵਰ ਨੇ ਰੇਲ ਗੱਡੀ ਰੋਕੀ ਅਤੇ ਐਂਬੂਲੈਂਸ ਬੁਲਾਈ। ਸ਼ਰਮਾ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਖਦਸ਼ਾ ਜਤਾਇਆ ਕਿ ਸ਼ਰਮਾ ਨੂੰ ਦਿਲ ਦਾ ਦੌਰਾ ਪਿਆ ਹੈ। ਫੁਰਸਤਗੰਜ ਥਾਣੇ ਦੇ ਇੰਚਾਰਜ ਮਨੋਜ ਕੁਮਾਰ ਸੋਨਕਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। -ਪੀਟੀਆਈ