ਲਖਨਊ, 21 ਮਾਰਚ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਨੀਤੀ ਆਯੋਗ ਦੇ ਬਹੁਦਿਸ਼ਾਵੀ ਗਰੀਬੀ ਇੰਡੈਕਸ (ਐੱਮਪੀਆਈ) ਮੁਤਾਬਕ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਮਾੜੇ ਸੂਬਿਆਂ ਵਿੱਚ ਸ਼ੁਮਾਰ ਹੈ।
ਅਖਿਲੇਸ਼ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਭਾਜਪਾ ਦੇ ਸ਼ਾਸਨ ਵਿੱਚ ਨੀਤੀ ਆਯੋਗ ਦੇ ਪਹਿਲੇ ਬਹੁਦਿਸ਼ਾਵੀ ਗਰੀਬੀ ਇੰਡੈਕਸ (ਐੱਮਪੀਆਈ) ਵਿੱਚ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਗਰੀਬ ਤਿੰਨ ਸੂਬਿਆਂ ਵਿੱਚ ਸ਼ਾਮਲ ਹੈ। ਸਭ ਤੋਂ ਵੱਧ ਕੁਪੋਸ਼ਣ ਵਿੱਚ ਸੂਬਾ ਤੀਜੇ ਸਥਾਨ ’ਤੇ ਹੈ ਅਤੇ ਬਾਲ ਅਤੇ ਕਿਸ਼ੋਰ ਮੌਤ ਦਰ ਵਰਗ ਵਿੱਚ ਸੂਬੇ ਦੀ ਸਥਿਤੀ ਪੂਰੇ ਦੇਸ਼ ਵਿੱਚੋਂ ਸਭ ਤੋਂ ਮਾੜੀ ਹੈ। ਇਹ ਭਾਜਪਾ ਸਰਕਾਰ ਦੀ ਨਾਕਾਮੀ ਦੇ ਤਗ਼ਮੇ ਹਨ।’’
ਉਨ੍ਹਾਂ ਨੇ ਅਖਬਾਰ ਦੀ ਇੱਕ ਕਲਿਪ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਗਰੀਬ ਸੂਬਿਆਂ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਪਾ ਮੁਖੀ ਨੀਤੀ ਆਯੋਗ ਦੀ ਐੱਮਪੀਆਈ ਰੈਂਕਿੰਗ ਦਾ ਹਵਾਲਾ ਦੇ ਰਹੇ ਸਨ, ਜਿਸ ਮੁਤਾਬਕ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਨੂੰ ਭਾਰਤ ਦੇ ਸਭ ਤੋਂ ਗਰੀਬ ਰਾਜ ਦੱਸਿਆ ਗਿਆ ਹੈ। ਇੰਡੈਕਸ ਮੁਤਾਬਕ ਬਿਹਾਰ ਦੀ 51.91 ਆਬਾਦੀ ਗਰੀਬ ਹੈ, ਜਿਸ ਮਗਰੋਂ ਝਾਰਖੰਡ ਵਿੱਚ 42.16 ਫ਼ੀਸਦੀ ਅਤੇ ਉੱਤਰ ਪ੍ਰਦੇਸ਼ ਵਿੱਚ 37.79 ਫ਼ੀਸਦੀ ਗਰੀਬ ਆਬਾਦੀ ਹੈ। -ਪੀਟੀਆਈ