ਬਾਰਾਬੰਕੀ (ਉੱਤਰ ਪ੍ਰਦੇਸ਼), 12 ਅਗਸਤ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਬੰਕੀ ਅਧੀਨ ਪੈਂਦੇ ਰਾਮਨਗਰ ਇਲਾਕੇ ਵਿੱਚ ਇੱਕ ਰੋਡਵੇਜ਼ ਦੀ ਬੱਸ ਨੇ ਓਵਰਟੇਕ ਕਰਦੇ ਸਮੇਂ ਡੀਸੀਐਮ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪਿੰਡ ਦਲਸਰਾਏ ਨੇੜੇ ਵਾਪਰੇ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਚਾਰ ਲੋਕਾਂ ਨੂੰ ਲਖਨਊ ਟਰੌਮਾ ਸੈਂਟਰ ਭੇਜਿਆ ਗਿਆ ਹੈ। ਥਾਣਾ ਇੰਚਾਰਜ ਸੰਤੋਸ਼ ਨੇ ਦੱਸਿਆ ਕਿ ਘਟਨਾ ਵੀਰਵਾਰ ਦੇਰ ਰਾਤ ਦੋ ਵਜੇ ਦੇ ਕਰੀਬ ਵਾਪਰੀ। ਬਲਰਾਮਪੁਰ ਡਿਪੂ ਦੀ ਇਹ ਬੱਸ ਕਾਨਪੁਰ ਤੋਂ ਬਲਰਾਮਪੁਰ ਜਾ ਰਹੀ ਸੀ। ਇਸ ਹਾਦਸੇ ਮੌਕੇ ਬੱਸ ਵਿੱਚ 75 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਇਕ ਦਰਜਨ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੀ ਬੱਸ ਡੀਸੀਐਮ ਟਰੱਕ ਨੂੰ ਓਵਰਟੇਕ ਕਰ ਰਹੀ ਸੀ, ਜਿਸ ਦੌਰਾਨ ਡਰਾਈਵਰ ਨੇ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਬੱਸ ਨੇ ਡੀਸੀਐੱਮ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। -ਪੀਟੀਆਈ