ਮੁਜ਼ੱਫਰਨਗਰ, 10 ਸਤੰਬਰ
ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਅਧੀਨ ਪੈਂਦੇ ਬਨਾਤ ਕਸਬੇ ਵਿੱਚ ਸ਼ੁੱਕਰਵਾਰ ਨੂੰ ਬੱਸ ਸਟੈਂਡ ’ਤੇ ਅੱਡੇ ’ਤੇ ਬੱਸ ਉਡੀਕਦੇ ਇੱਕ ਨੌਜਵਾਨ ਦੀ 10 ਜਣਿਆਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਐੱਸ.ਪੀ. ਸੁਕ੍ਰਿਤੀ ਮਾਧਵ ਮਿਸ਼ਰਾ ਨੇ ਦੱਸਿਆ ਕਿ ਜਦੋਂ ਸਮੀਰ ਬੱਸ ਸਟੈਂਡ ’ਤੇ ਖੜ੍ਹਾ ਸੀ ਤਾਂ ਕੁਝ ਲੋਕਾਂ ਨਾਲ ਉਸ ਦੀ ਲੜਾਈ ਹੋ ਗਈ, ਪਰ ਲੜਾਈ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 10 ਜਣਿਆਂ ਖ਼ਿਲਾਫ਼ ਕੇਸ ਦਰਜ ਲਿਆ ਹੈ ਅਤੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਮੀਰ ਘਰ ਮੁੜ ਰਿਹਾ ਸੀ। ਗੰਭੀਰ ਹਾਲਤ ’ਚ ਸਮੀਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। -ਪੀਟੀਆਈ