ਲਖਨਊ (ਉੱਤਰ ਪ੍ਰਦੇਸ਼), 10 ਨਵੰਬਰ
ਅਗਵਾ ਦੇ ਕੇਸ ’ਚ ਪੁੱਛ ਪੜਤਾਲ ਲਈ ਉੱਤਰ ਪ੍ਰਦੇਸ਼ ਦੇ ਕਾਸਗੰਜ ਥਾਣੇ ਵਿੱਚ ਬੁਲਾਏ ਗਏ ਇੱਕ ਨੌਜਵਾਨ ਦੀ ਪੁਲੀਸ ਹਿਰਾਸਤ ਵਿੱੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਅਲਤਾਫ (22) ਨੇ ਹਵਾਲਾਤ ਦੇ ਬਾਥਰੂਮ ਵਿੱਚ ਆਪਣੀ ਜੈਕਟ ਵਿੱਚੋਂ ਤਾਰ ਕੱਢ ਕੇ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਇਹ ਘਟਨਾ ਸਾਹਮਣੇ ਆਉਣ ਮਗਰੋਂ ਪੰਜ ਪੁਲੀਸ ਅਧਿਕਾਰੀਆਂ ਨੂੰ ਅਣਗਹਿਲੀ ਵਰਤਣ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ।