ਟਿਹਰੀ (ਉਤਰਾਖੰਡ), 8 ਮਈ
ਉਤਰਾਖੰਡ ਦੇ ਟਿਹਰੀ ਸ਼ਹਿਰ ਵਿਚ ਐਤਵਾਰ ਸਵੇਰੇ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ‘ਤੇ ਤੋਤਾਘਾਟੀ ਨੇੜੇ ਕਾਰ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਕਾਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ 250 ਮੀਟਰ ਡੂੰਘੀ ਖੱਡ ‘ਚ ਜਾ ਡਿੱਗੀ, ਜਿਸ ‘ਚ ਸਵਾਰ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਕਾਰ ਰਿਸ਼ੀਕੇਸ਼ ਤੋਂ ਚਮੋਲੀ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਪਿੰਕੀ (25), ਪ੍ਰਤਾਪ ਸਿੰਘ (40) ਅਤੇ ਉਸ ਦੀ ਪਤਨੀ ਭਾਗੀਰਥੀ ਦੇਵੀ (36) ਅਤੇ ਉਨ੍ਹਾਂ ਦੇ ਦੋ ਬੱਚਿਆਂ ਵਿਜੇ (15) ਅਤੇ ਮੰਜੂ (12) ਵਜੋਂ ਹੋਈ ਹੈ। ਸਾਰੇ ਲੋਕ ਬਾਨ ਪਿੰਡ ਦੇ ਰਹਿਣ ਵਾਲੇ ਸਨ। ਪਿੰਕੀ ਦਾ 12 ਮਈ ਨੂੰ ਵਿਆਹ ਸੀ ਅਤੇ ਉਹ ਇਸ ਸਬੰਧ ‘ਚ ਖਰੀਦਦਾਰੀ ਕਰਨ ਗਏ ਸਨ ਅਤੇ ਜ਼ਰੂਰੀ ਸਾਮਾਨ ਖਰੀਦ ਕੇ ਘਰ ਪਰਤ ਰਹੇ ਸਨ।