ਉੱਤਰਕਾਸ਼ੀ (ਉੱਤਰਾਖੰਡ), 10 ਅਕਤੂਬਰ
ਉੱਤਰਾਖੰਡ ’ਚ ਦਰੋਪਦੀ ਕਾ ਡਾਂਡਾ ਚੋਟੀ ਨੇੜੇ ਬਰਫ਼ ਦੇ ਤੋਦੇ ਡਿੱਗਣ ਕਾਰਨ ਮਾਰੇ ਗਏ ਪੰਜ ਹੋਰ ਲੋਕਾਂ ਦੀਆਂ ਲਾਸ਼ਾਂ ਅੱਜ ਮਾਤਲੀ ’ਚ ਭਾਰਤ-ਤਿੱਬਤ ਸਰਹੱਦੀ ਪੁਲੀਸ (ਆਈਟੀਬੀਪੀ) ਦੇ ਕੈਂਪ ’ਚ ਲਿਆਂਦੀਆਂ ਗਈਆਂ। ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਦੋ ਲਾਪਤਾ ਪਰਬਤਾਰੋਹੀਆਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਪੈ ਰਿਹਾ ਹੈ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਰੁਹੇਲਾ ਨੇ ਦੱਸਿਆ ਕਿ ਪੰਜ ਹੋਰ ਲਾਸ਼ਾਂ ਮਿਲਣ ਨਾਲ ਘਟਨਾ ਸਥਾਨ ਤੋਂ ਹੁਣ ਤੱਕ ਕੱਢੀਆਂ ਗਈਆਂ ਲਾਸ਼ਾਂ ਦੀ ਗਿਣਤੀ 26 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਲਾਸ਼ ਅਜੇ ਵੀ ਸਮਿਟ ਕੈਂਪ ’ਚ ਹੈ ਜਦਕਿ ਦੋ ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ ਹੈ। -ਪੀਟੀਆਈ