ਦੇਹਰਾਦੂਨ, 2 ਨਵੰਬਰ
ਸੰਘਣੇ ਜੰਗਲਾਂ, ਤਿੱਖੀਆਂ ਢਲਾਣਾਂ ਤੇ ਪਰਬਤੀ ਧਾਰਾਵਾਂ ਲੰਘ 25 ਟਰੈਕਰ ਉਨ੍ਹਾਂ ਗੁਆਚੇ ਰਸਤਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ ਜੋ ਕਿ ਕਿਸੇ ਵੇਲੇ ਚਾਰਾਂ ਧਾਮਾਂ ਤੱਕ ਜਾਂਦੇ ਸਨ। ਉੱਤਰਾਖੰਡ ਸੈਰ-ਸਪਾਟਾ ਵਿਕਾਸ ਬੋਰਡ ਦੀ ਮਦਦ ਨਾਲ ਸੰਗਠਨ ‘ਟਰੈਕ ਦਿ ਹਿਮਾਲਿਆਜ਼’ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਟਰੈਕ ਟੀਮ ਵਿਚ ਪਰਬਤਾਰੋਹੀ, ਫੋਟੋਗ੍ਰਾਫ਼ਰ, ਡਾਕੂਮੈਂਟਰੀ ਫ਼ਿਲਮਸਾਜ਼ ਤੇ ਐੱਸਡੀਆਰਐਫ ਦੇ ਕਰਮੀ ਸ਼ਾਮਲ ਹਨ ਜੋ ਕਿ ਉਨ੍ਹਾਂ ਗੁਆਚੇ ਰਾਹਾਂ ਨੂੰ ਲੱਭਣਗੇ ਜਿਨ੍ਹਾਂ ਦੀ ਵਰਤੋਂ ਦਹਾਕਿਆਂ ਪਹਿਲਾਂ ਤੀਰਥ ਯਾਤਰੀ ਪੈਦਲ ਯਾਤਰਾ ਲਈ ਕਰਦੇ ਸਨ। ਟੀਮ ਰਸਤੇ ਵਿਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰ ਰਹੀ ਹੈ। ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਰਾਜ ਸਰਕਾਰ ਨੂੰ ਸੌਂਪੇ ਜਾਣਗੇ। ਇਨ੍ਹਾਂ ਦੇ ਅਧਾਰ ਉਤੇ ਸਮੀਖਿਆ ਤੋਂ ਬਾਅਦ ਰੂਟਾਂ ਨੂੰ ਮੁੜ ਚਾਲੂ ਕਰਨ ਲਈ ਕਦਮ ਚੁੱਕੇ ਜਾਣਗੇ। ਵਧੀਕ ਸਕੱਤਰ (ਸੈਰ ਸਪਾਟਾ) ਯੁਗਲ ਕਿਸ਼ੋਰ ਪੰਤ ਨੇ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਕੁਝ ਰਾਹਾਂ ਦੀ ਵਰਤੋਂ ਮਹਾਭਾਰਤ ਤੋਂ ਬਾਅਦ ਪਾਂਡਵਾਂ ਨੇ ਹਿਮਾਲਿਆ ਪਰਬਤਮਾਲਾ ਵੱਲ ਜਾਂਦਿਆਂ ਕੀਤੀ ਸੀ।
ਇਸ ਤੋਂ ਇਲਾਵਾ 1950 ਤੱਕ ਤੀਰਥ ਯਾਤਰੀ ਵੀ ਕਈ ਰੂਟਾਂ ਦੀ ਵਰਤੋਂ ਕਰਦੇ ਰਹੇ। ਮੌਜੂਦਾ ਸਮੇਂ ਬੇਸ਼ੱਕ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਤੇ ਯਮਨੋਤਰੀ ਤੱਕ ਹੈਲੀਕੌਪਟਰ ਸੇਵਾ ਵੀ ਉਪਲੱਬਧ ਹੈ ਪਰ ਸੜਕਾਂ ਬਣਨ ਤੋਂ ਪਹਿਲਾਂ ਲੋਕਾਂ ਤੁਰ ਕੇ ਹੀ ਬਿਖੜੇ ਪੈਂਡਿਆਂ ਉਤੇ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਸਨ। -ਪੀਟੀਆਈ