ਉਤਰਾਖੰਡ, 7 ਫਰਵਰੀ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ਦੇ ਰੈਨੀ ਪਿੰਡ ਵਿਖੇ ਬਿਜਲੀ ਪ੍ਰਾਜੈਕਟ ਨੇੜੇ ਬਰਫ ਦੇ ਤੌਦੇ ਡਿੱਗਣ ਬਾਅਦ ਅਚਾਨਕ ਧੌਲੀਗੰਗਾ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਘਰ ਤਬਾਹ ਹੋ ਗਏ ਅਤੇ ਆਈਟੀਬੀਪੀ ਮੁਤਾਬਕ 150 ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਬਚਾਅ ਕਾਰਜ ਚਲਾ ਰਹੇ ਅਧਿਕਾਰੀਆਂ ਅਨੁਸਾਰ 10 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 16 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਧੌਲੀਗੰਗਾ ਨਦੀ ਦੇ ਕਿਨਾਰੇ ਪੈਂਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇ। ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲੀਸ ਸੁਪਰਡੈਂਟ ਮੌਕੇ ‘ਤੇ ਰਵਾਨਾ ਹੋ ਗਏ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਗੁਆਂਢੀ ਸੂਬੇ ਉੱਤਰਾਖੰਡ ਦੇ ਜੋਸ਼ੀਮੱਠ ਵਿੱਚ ਬਰਫ਼ ਦੇ ਤੋਦੇ ਡਿੱਗਣ ਨਾਲ ਆਈ ਜਲ-ਪਰਲੋ ਮਗਰੋਂ ਗੰਗਾ ਨਦੀ ਦੇ ਕੰਢੇ ’ਤੇ ਪੈਂਦੇ ਸਾਰੇ ਜ਼ਿਲ੍ਹਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਸਾਰੀਆਂ ਸਬੰਧਤ ਅਥਾਰਿਟੀਜ਼ ਨੂੰ ਨਦੀ ਵਿੱਚ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਬਣਾ ਕੇ ਰੱਖਣ ਲਈ ਕਿਹਾ ਹੈ।