ਪਿਥੌਰਾਗੜ੍ਹ (ਉੱਤਰਾਖੰਡ), 31 ਜਨਵਰੀ
ਚਿਰਾਂ ਪੁਰਾਣੀ ਲਿੰਕ ਰੋਡ ਦੀ ਮੰਗ ਪੂਰੀ ਨਾ ਹੋਣ ਕਰ ਕੇ ਉੱਤਰਾਖੰਡ ਦੇ ਜ਼ਿਲ੍ਹਾ ਚੰਪਾਵਤ ਦੇ ਪਿੰਡ ਆਮ ਖੜਕ ਦੇ ਵਸਨੀਕਾਂ ਨੇ ਇਕਜੁੱਟ ਹੋ ਕੇ ਫ਼ੈਸਲਾ ਲਿਆ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਨੋਟਾ ਦਾ ਬਟਨ ਦਬਾਉਣਗੇ। ਜ਼ਿਕਰਯੋਗ ਹੈ ਕਿ ਇਸ ਪਿੰਡ ਨੇ ਦੇਸ਼ ਨੂੰ ਘੱਟੋ-ਘੱਟ ਚਾਰ ਆਜ਼ਾਦੀ ਘੁਲਾਟੀਏ ਦਿੱਤੇ ਸਨ। ਉੱਤਰਾਖੰਡ ਵਿਚ ਵੋਟਾਂ 14 ਫਰਵਰੀ ਨੂੰ ਪੈਣੀਆਂ ਹਨ। ਪਿੰਡ ਵਾਸੀਆਂ ਦੀ ਸ਼ਿਕਾਇਤ ਹੈ ਕਿ ਸੰਪਰਕ ਸਹੂਲਤਾਂ ਦੀ ਘਾਟ ਕਾਰਨ 65 ਫ਼ੀਸਦ ਆਬਾਦੀ ਪਹਿਲਾਂ ਹੀ ਪਿੰਡ ਛੱਡ ਚੁੱਕੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ 2007 ਤੋਂ ਇਕ 1500 ਮੀਟਰ ਲੰਬੇ ਲਿੰਕ ਰੋਡ ਦੀ ਮੰਗ ਕਰਦੇ ਆ ਰਹੇ ਹਨ। ਹਾਲਾਂਕਿ, ਪ੍ਰਸਤਾਵਿਤ ਪ੍ਰਾਜੈਕਟ ਜ਼ਿਲ੍ਹਾ ਪਲਾਨ ਵਿਚ ਵੀ ਸ਼ਾਮਲ ਸੀ ਪਰ ਇਸ ਦੇ ਬਾਵਜੂਦ ਅੱਜ ਤੱਕ ਇਹ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਇਹ ਲਿੰਕ ਰੋਡ ਬਣ ਜਾਂਦਾ ਹੈ ਤਾਂ ਉਨ੍ਹਾਂ ਦਾ ਪਿੰਡ ਟਨਕਪੁਰ-ਚੰਪਾਵਤ ਸ਼ਾਹਰਾਹ ਨਾਲ ਜੁੜ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਦੀਆਂ ਰੋਜ਼ਾਨਾ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਣਗੀਆਂ। -ਪੀਟੀਆਈ