ਦੇਹਰਾਦੂਨ, 2 ਨਵੰਬਰ
200 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਵਿੱਚ ਘਿਰੀ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਇਕ ਨੇੜਲੇ ਸਾਥੀ ਦੀ ਪਤਨੀ ਦੀ ਮਲਕੀਅਤ ਵਾਲੀ ਫਰਮ ਖ਼ਿਲਾਫ਼ ਜਾਂਚ ਉੱਤਰਾਖੰਡ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਕਰੇਗੀ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।
ਕਾਬਜ਼ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ ਤੋਂ ਬਾਅਦ ਪਿਛਲੇ ਸਾਲ ਮਾਰਚ ਵਿੱਚ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ 18 ਮਾਰਚ 2017 ਨੂੰ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕੀ ਸੀ। ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਰਾਵਤ ਦੇ ਸਾਬਕਾ ਸਲਾਹਕਾਰ ਕੇ.ਐੱਸ. ਪੰਵਾਰ ਦੀ ਪਤਨੀ ਦੀ ਮਲਕੀਅਤ ਵਾਲੀ ਦੇਹਰਾਦੂਨ ਅਧਾਰਤ ਸੋਸ਼ਲ ਮਿਊਚਲ ਬੈਨੀਫਿੱਟ ਕੰਪਨੀ ਲਿਮਿਟਡ ਵੱਲੋਂ 2017 ਤੋਂ 2020 ਵਿਚਾਲੇ ਧੋਖੇ ਨਾਲ ਹਜ਼ਾਰਾਂ ਵਿਅਕਤੀਆਂ ਦੇ ਨਾਂ ’ਤੇ ਬੈਂਕ ਖਾਤੇ ਖੁੱਲ੍ਹਵਾਏ ਗਏ ਅਤੇ ਕਾਲੇ ਧਨ ਨੂੰ ਸਫੈਦ ਕੀਤਾ ਗਿਆ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਹੋਣ ਤੋਂ ਬਾਅਦ ਪੰਵਾਰ ਨੇ ਫਰਮ ਦੇ ਡਾਇਰੈਕਟਰ ਦਾ ਅਹੁਦਾ ਛੱਡ ਦਿੱਤਾ ਅਤੇ ਆਪਣੀ ਪਤਨੀ ਨੂੰ ਕੰਪਨੀ ਦੀ ਡਾਇਰੈਕਟਰ ਬਣਾ ਦਿੱਤਾ ਸੀ। ਵਧੀਕ ਡਾਇਰੈਕਟਰ ਜਨਰਲ ਪੁਲੀਸ (ਲਾਅ ਐਂਡ ਆਰਡਰ) ਵੀ ਮੁਰੂਗੇਸਨ ਨੇ ਮੰਗਲਵਾਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਇਸ ਦੀ ਰਿਪੋਰਟ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੇ ਹੁਕਮ ਹਰਿਦੁਆਰ ਵਿੱਚ ਪੈਂਦੇ ਖਾਨਪੁਰ ਤੋਂ ਆਜ਼ਾਦ ਵਿਧਾਇਕ ਉਮੇਸ਼ ਕੁਮਾਰ ਦੀ ਸ਼ਿਕਾਇਤ ’ਤੇ ਕੀਤੇ ਗਏ ਹਨ। -ਪੀਟੀਆਈ