ਜੋਸ਼ੀਮੱਠ, 13 ਫਰਵਰੀ
ਤਪੋਵਨ-ਵਿਸ਼ਨੂੰਗੜ੍ਹ ਹਾਈਡਲ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 30 ਤੋਂ ਵੱਧ ਲੋਕਾਂ ਨੂੰ ਬਚਾਉਣ ਵਿਚ ਜੁਟੀ ਟੀਮ ਨੇ ਅੱਜ ਸੁਰੰਗ ਵਿਚ ਕੀਤੇ ਜਾ ਰਹੇ ਛੇਕ ਨੂੰ ਚੌੜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਹੜ੍ਹ ਕਾਰਨ ਸੁਰੰਗ ਵਿਚ ਗਾਰਾ ਫਸ ਗਿਆ ਸੀ। ਐਨਟੀਪੀਸੀ ਪ੍ਰਾਜੈਕਟ ਦੇ ਜਨਰਲ ਮੈਨੇਜਰ ਆਰ.ਪੀ. ਅਹੀਰਵਾਲ ਦੇ ਦੱਸਿਆ ਕਿ ਸੁਰੰਗ ਵਿਚ ਫਸੇ ਵਿਅਕਤੀਆਂ ਤੱਕ ਪਹੁੰਚਣ ਲਈ ਉਹ ਤਿੰਨ ਰਣਨੀਤੀਆਂ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀਤੇ ਜਾ ਰਹੇ ਸੁਰਾਖ ਨੂੰ ਇਕ ਫੁੱਟ ਚੌੜਾ ਕੀਤਾ ਜਾ ਰਿਹਾ ਹੈ ਤਾਂ ਕਿ ਕੈਮਰਾ ਤੇ ਪਾਈਪ ਇਸ ਵਿਚੋਂ ਕੱਢ ਕੇ ਇਨ੍ਹਾਂ ਨੂੰ ਫਸੇ ਵਰਕਰਾਂ ਤੱਕ ਪਹੁੰਚਾਇਆ ਜਾ ਸਕੇ। ਪਾਈਪ ਰਾਹੀਂ ਸੁਰੰਗ ਵਿਚੋਂ ਪਾਣੀ ਕੱਢਣ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਐਨਟੀਪੀਸੀ ਦੇ ਬੰਨ੍ਹ ਦੇ ਅਧਾਰ ’ਚੋਂ ਚਿੱਕੜ ਕੱਢਣ ਅਤੇ ਧੌਲੀਗੰਗਾ ਨਦੀ ਦਾ ਵਹਾਅ ਮੋੜਨ ਦੀ ਰਣਨੀਤੀ ਵੀ ਬਣਾਈ ਗਈ ਹੈ। ਐਨਟੀਪੀਸੀ ਨੇ 100 ਤੋਂ ਵੱਧ ਵਿਗਿਆਨੀਆਂ ਨੂੰ ਇਸ ਕੰਮ ’ਤੇ ਲਾਇਆ ਹੋਇਆ ਹੈ। ਜੀਐਮ ਨੇ ਦੱਸਿਆ ਕਿ ਲੋੜੀਂਦੇ ਸਰੋਤ ਤੇ ਮਸ਼ੀਨੀ ਉਪਕਰਨ ਸੁਰੰਗ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਕਈ ਤਜਰਬੇਕਾਰ ਵਰਕਰ ਲਾਪਤਾ ਹਨ ਪਰ ਨਵੇਂ ਵਰਕਰ ਵੀ ਪੂਰੇ ਸਮਰਪਿਤ ਹੋ ਕੇ ਚੌਵੀ ਘੰਟੇ ਵਾਰੋ-ਵਾਰੀ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। -ਪੀਟੀਆਈ