ਹੈਦਰਾਬਾਦ/ਨਵੀਂ ਦਿੱਲੀ, 9 ਦਸੰਬਰ
ਕਰੀਬ 60 ਦੇਸ਼ਾਂ ਦੇ ਰਾਜਦੂਤਾਂ ਨੇ ਅੱਜ ਹੈਦਰਾਬਾਦ ਅਧਾਰਿਤ ਮੋਹਰੀ ਬਾਇਓਟੈੱਕ ਕੰਪਨੀ ‘ਭਾਰਤ ਬਾਇਓਟੈੱਕ’ ਤੇ ‘ਬਾਇਓਲੌਜੀਕਲ ਈ ਲਿਮਟਿਡ’ ਦਾ ਦੌਰਾ ਕੀਤਾ ਹੈ। ਇੱਥੇ ਉਨ੍ਹਾਂ ਨੂੰ ਕੋਵਿਡ-19 ਲਈ ਵਿਕਸਿਤ ਕੀਤੇ ਜਾ ਰਹੇ ਵੈਕਸੀਨ ਬਾਰੇ ਜਾਣਕਾਰੀ ਦਿੱਤੀ ਗਈ।
ਤਿਲੰਗਾਨਾ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ 64 ਮੁਲਕਾਂ ਦੇ ਸਫ਼ੀਰਾਂ ਨੇ ਇਨ੍ਹਾਂ ਕੰਪਨੀਆਂ ਦੀਆਂ ਇਕਾਈਆਂ ਦਾ ਦੌਰਾ ਕੀਤਾ ਹੈ। ਕੰਪਨੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਰੀਬ 70 ਮੁਲਕਾਂ ਦੇ ਰਾਜਦੂਤ ਤੇ ਹਾਈ ਕਮਿਸ਼ਨਰ ਜੀਨੋਮ ਵੈਲੀ ਸਥਿਤ ਕੰਪਨੀ ਦੀ ਇਕਾਈ ਆਏ ਹਨ ਤੇ ਉਨ੍ਹਾਂ ‘ਕੋਵੈਕਸੀਨ’ ਬਾਰੇ ਵਿਆਪਕ ਵਿਚਾਰ-ਚਰਚਾ ਕੀਤੀ ਹੈ।
ਡਾ. ਕ੍ਰਿਸ਼ਨਾ ਏਲਾ ਜੋ ਕਿ ਭਾਰਤ ਬਾਇਓਟੈੱਕ ਦੇ ਚੇਅਰਮੈਨ ਤੇ ਐਮਡੀ ਹਨ, ਨੇ ਪ੍ਰਾਜੈਕਟ ਬਾਰੇ ਸਫ਼ੀਰਾਂ ਨੂੰ ਜਾਣੂ ਕਰਵਾਇਆ। ਇਨ੍ਹਾਂ ਨੂੰ ਦੱਸਿਆ ਗਿਆ ਕਿ ਆਲਮੀ ਜ਼ਰੂਰਤ ਦੇ 33 ਪ੍ਰਤੀਸ਼ਤ ਵੈਕਸੀਨ ਜੀਨੋਮ ਵੈਲੀ, ਹੈਦਰਾਬਾਦ ਵਿਚ ਤਿਆਰ ਕੀਤੇ ਜਾਂਦੇ ਹਨ। ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਈ ਮੁਲਕਾਂ ਨੇ ‘ਕੋਵੈਕਸੀਨ’ ਵਿਚ ਦਿਲਚਸਪੀ ਦਿਖਾਈ ਹੈ। ਆਸਟਰੇਲਿਆਈ ਹਾਈ ਕਮਿਸ਼ਨਰ ਵੀ ਰਾਜਦੂਤਾਂ ਦੇ ਵਫ਼ਦ ਵਿੱਚ ਸ਼ਾਮਲ ਸੀ। -ਪੀਟੀਆਈ
ਦੇਸ਼ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਵਾ 97 ਲੱਖ ਨੂੰ ਟੱਪੀ
ਨਵੀਂ ਦਿੱਲੀ: ਦੇਸ਼ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 32,080 ਨਵੇਂ ਕੇਸ ਸਾਹਮਣੇ ਆਉਦ ਮਗਰੋਂ ਕੁੱਲ ਮਰੀਜ਼ਾਂ ਦੀ ਗਿਣਤੀ 97,35,850 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 402 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,41,360 ਹੋ ਗਈ ਹੈ। ਇਸ ਦੌਰਾਨ 94.66 ਫੀਸਦ ਦੀ ਰਿਕਵਰੀ ਦਰ ਨਾਲ ਕਰੋਨਾ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ ਵਧ ਕੇ 92,15,581 ਹੋ ਗਿਆ ਹੈ। ਕੋਵਿਡ-19 ਕੇਸਾਂ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.45 ਫੀਸਦ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਨਾਲ 16 ਹੋਰ ਵਿਅਕਤੀਆਂ ਦੀ ਮੌਤ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਨੇ 16 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ ਸੂਬੇ ਵਿੱਚ ਮੌਤਾਂ ਦਾ ਕੁੱਲ ਅੰਕੜਾ 4980 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 617 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਜਲੰਧਰ ਵਿੱਚ 6, ਤਰਨਤਾਰਨ ਤੇ ਮੁਹਾਲੀ ਵਿੱਚ 2-2, ਬਰਨਾਲਾ, ਲੁਧਿਆਣਾ, ਪਠਾਨਕੋਟ, ਪਟਿਆਲਾ, ਰੋਪੜ, ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਵਾਇਰਸ ਨੇ ਲਈ ਹੈ।