ਸ੍ਰੀਨਗਰ, 5 ਨਵੰਬਰ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਜੇ ਕੇਂਦਰ ’ਚ ਸੱਤਾਧਾਰੀ ਭਾਜਪਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸੋਚ ਅਪਣਾਉਂਦੀ ਤਾਂ ਜੰਮੂ ਕਸ਼ਮੀਰ ਦੇ ਇਹ ਹਾਲਾਤ ਨਾ ਹੁੰਦੇ। ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਸਭਾ ਦੌਰਾਨ ਅਬਦੁੱਲਾ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਜਪਾਈ ਨੇ ਹਮੇਸ਼ਾ ਜੰਮੂ ਕਸ਼ਮੀਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਜਦੋਂ ਉਹ 1999 ਵਿੱਚ ਪਹਿਲੀ ਦਿੱਲੀ-ਲਾਹੌਰ ਬੱਸ ਰਾਹੀਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਮੀਨਾਰ-ਏ-ਪਾਕਿਸਤਾਨ ਦਾ ਦੌਰਾ ਕੀਤਾ, ਜੋ ਸੌਖਾ ਨਹੀਂ ਸੀ।
ਅਬਦੁੱਲਾ ਨੇ ਕਿਹਾ, ‘ਫਿਰ ਉਹ ਸਰਹੱਦ ’ਤੇ ਖੜ੍ਹੇ ਹੋਏ ਅਤੇ ਕਿਹਾ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ। ਵਾਜਪਾਈ ਨੇ ਕਿਹਾ ਸੀ ਕਿ ਗੱਲਬਾਤ ਹੀ ਇੱਕੋ-ਇੱਕ ਰਸਤਾ ਹੈ। ਉਨ੍ਹਾਂ ਕਈ ਅਸਫਲਤਾਵਾਂ ਦੇ ਬਾਵਜੂਦ ਵਾਰ-ਵਾਰ ਦੋਸਤੀ ਦਾ ਹੱਥ ਵਧਾਇਆ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ (ਵਾਜਪਾਈ) ਨੂੰ ਜਾਣਦਾ ਹਾਂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ’ਚ ਉਨ੍ਹਾਂ ਨਾਲ ਕੰਮ ਵੀ ਕੀਤਾ ਹੈ। ਜਦੋਂ ਅਸੀਂ ਵਾਜਪਾਈ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਸੰਦਰਭ ਵਿੱਚ ਯਾਦ ਕਰਦੇ ਹਾਂ।
ਇਸੇ ਤਰ੍ਹਾਂ ਉਨ੍ਹਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਅਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਭਾਜਪਾ ਆਗੂ ਦੇਵੇਂਦਰ ਸਿੰਘ ਰਾਣਾ ਸਮੇਤ ਹੋਰਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। -ਪੀਟੀਆਈ
ਉਮਰ ਦੇ ਪੁੱਤਰਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਕਾਰਵਾਈ ਦੇਖੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪੁੱਤਰ ਜ਼ਹੀਰ ਅਤੇ ਜ਼ਮੀਰ ਨੇ ਅੱਜ ਪਹਿਲੀ ਵਾਰ ਵਿਧਾਨ ਸਭਾ ਦੀ ਕਾਰਵਾਈ ਦੇਖੀ। ਜ਼ਹੀਰ ਅਤੇ ਜ਼ਮੀਰ ਦੋਵੇਂ ਪੇਸ਼ੇ ਤੋਂ ਵਕੀਲ ਹਨ। ਉਹ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਦੇ ਕੋਲ ਬੈਠੇ ਸਨ। ਜ਼ਹੀਰ ਤੇ ਜ਼ਮੀਰ ਦੋਵਾਂ ਨੇ ਆਪਣੇ ਪਰਿਵਾਰਕ ਗੜ੍ਹ ਗੰਦਰਬਲ ਵਿੱਚ ਵਿਧਾਨ ਸਭਾ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। -ਪੀਟੀਆਈ