ਕਿਸ਼ਤਵਾੜ/ਜੰਮੂ, 30 ਅਗਸਤ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਇਕ ਵੈਨ ਸੜਕ ਕੰਢੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ 16 ਸਾਲ ਮੁਟਿਆਰ ਸਣੇ ਕਾਰ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮਾਰੇ ਗਏ ਸਾਰੇ ਮੁਸਾਫ਼ਰ ਬੋਂਡਾ ਪਿੰਡਾ ਨਾਲ ਸਬੰਧਤ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹਾਦਸਾ ਪਿੰਡ ਨਜ਼ਦੀਕ ਹੀ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ। ਕਾਰ ਸਵਾਰ ਚਿਨਗਾਮ ਤੋਂ ਚਤਰੂ ਜਾ ਰਹੇ ਸਨ। ਪੁਲੀਸ, ਰਾਸ਼ਟਰੀ ਰਾਫ਼ੀਲਜ਼ ਦੇ ਅਮਲੇ ਤੇ ਸਥਾਨਕ ਪਿੰਡ ਵਾਸੀਆਂ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਚਲਾਏ। ਕਾਰ ਸਵਾਰਾਂ ਵਿਚੋਂ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਜਣਿਆਂ ਨੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਦਮ ਤੋੜ ਦਿੱਤਾ। ਤਿੰਨ ਹੋਰ ਜ਼ਖ਼ਮੀਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਸ਼ੀਰ ਅਹਿਮਦ, ਉਸ ਦੇ ਭਰਾ ਨਜ਼ੀਰ ਅਹਿਮਦ, ਮੁਹੰਮਦ ਅਕਬਰ, ਉਸ ਦੇ ਭਰਾ ਫਰੀਦ, ਨੁਸਰਤ ਬਾਨੂ, ਫ਼ਰੀਦ ਹੁਸੈਨ, ਸ਼ਰੀਫ਼ ਤੇ ਨੂਰ ਹੁਸੈਨ ਵਜੋਂ ਹੋਈ ਹੈ। -ਪੀਟੀਆਈ
ਵੈਸ਼ਨੋ ਦੇਵੀ ਤੋਂ ਪਰਤ ਰਹੀ ਬੱਸ ਪਲਟੀ; ਇਕ ਹਲਾਕ, 16 ਜ਼ਖ਼ਮੀ
ਜੰਮੂ: ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਸ਼ਰਧਾਲੂਆਂ ਨਾਲ ਭਰੀ ਬੱਸ ਪਲਟਣ ਕਾਰਨ ਇਕ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ, ਤੇ 16 ਹੋਰ ਜ਼ਖ਼ਮੀ ਹੋ ਗਏ। ਇਹ ਬੱਸ ਵੈਸਨੋ ਦੇਵੀ ਦੇ ਦਰਸ਼ਨਾਂ ਬਾਅਦ ਸ਼ਰਧਾਲੂਆਂ ਨੂੰ ਕਟੜਾ ਤੋਂ ਦਿੱਲੀ ਲੈ ਕੇ ਜਾ ਰਹੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਗੱਡੀ ’ਤੋਂ ਕੰਟਰੋਲ ਗੁਆ ਬੈਠਾ ਤੇ ਬੱਸ ਸੜਕ ਕਿਨਾਰੇ ਖੜ੍ਹੀ ਇਕ ਹੋਰ ਬੱਸ ਨਾਲ ਟਕਰਾ ਕੇ ਪਲਟ ਗਈ। ਇਹ ਹਾਦਸਾ ਕਦਮਾਲ ਵਿੱਚ ਵਾਪਰਿਆ। ਮਿ੍ਤਕ ਬੱਚੇ ਦੀ ਪਛਾਣ ਸ਼ੁਭਮ ਕੁਮਾਰ ਵਜੋਂ ਹੋਈ ਹੈ ਜੋ ਉੱਤਰ ਪ੍ਰਦੇਸ਼ ਦਾ ਵਸਨੀਕ ਸੀ। ਜ਼ਖਮੀਆਂ ਵਿੱਚ 7 ਉੱਤਰ ਪ੍ਰਦੇਸ਼, 4 ਹਰਿਆਣਾ, ਤਿੰਨ ਜੰਮੂ ਕਸ਼ਮੀਰ ਅਤੇ ਦੋ ਦਿੱਲੀ ਨਾਲ ਸਬੰਧਤ ਹਨ। -ਏਜੰਸੀ