ਨਵੀਂ ਦਿੱਲੀ, 6 ਅਕਤੂਬਰ
ਹਾਲ ’ਚ ਸ਼ੁਰੂ ਹੋਈ ਮੁੰਬਈ ਸੈਂਟਰਲ-ਗਾਂਧੀਨਗਰ ਵੰਦੇ ਭਾਰਤ ਐਕਸਪ੍ਰੈੱਸ ਅੱਜ ਗੁਜਰਾਤ ਵਿੱਚ ਮੱਝਾਂ ਨਾਲ ਟਕਰਾ ਗਈ, ਜਿਸ ਕਾਰਨ ਰੇਲਗੱਡੀ ਦਾ ਮਾਮੂਲੀ ਨੁਕਸਾਨ ਹੋਇਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਗੈਰਤਪੁਰ ਤੇ ਵਟਵਾ ਸਟੇਸ਼ਨਾਂ ਵਿਚਾਲੇ ਸਵੇਰ ਲਗਪਗ 11.20 ਵਜੇ ਵਾਪਰਿਆ। ਦੱਸਣਯੋਗ ਹੈ ਕਿ ਵੰਦੇ ਭਾਰਤ ਐੱਕਸਪ੍ਰੈੱਸ ਥੋੜ੍ਹੇ ਦਿਨ ਪਹਿਲਾਂ ਹੀ ਚਲਾਈ ਗਈ ਹੈ। ਰੇਲਵੇ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਹਾਦਸੇ ਵਿੱਚ ਇੰਜਣ ਦੇ ਮੂਹਰਲੇੇ ਹਿੱਸੇ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ, ‘‘ਤਿੰਨ-ਚਾਰ ਮੱਝਾਂ ਅਚਾਨਕ ਮੁੰਬਈ-ਗਾਂਧੀਨਗਰ ਵੰਦੇ ਭਾਰਤ ਐਕਸਪ੍ਰੈੱਸ ਦੇ ਰਸਤੇ ਵਿੱਚ ਆ ਗਈਆਂ ਜਿਸ ਕਾਰਨ ਫਾਈਬਰ ਪਲਾਸਟਿਕ ਨਾਲ ਬਣੇ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।’’ ਤਰਜਮਾਨ ਨੇ ਦੱਸਿਆ ਕਿ ਇੰਜਣ ਦੇ ਕੰਮ ਕਰਨ ਵਾਲੇ ਕਿਸੇ ਵੀ ਹਿੱਸੇ ਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ, ‘‘ਅੱਠ ਮਿੰਟਾਂ ਵਿੱਚ ਹੀ ਮੱਝਾਂ ਦੇ ਪਿੰਜਰ ਲੀਹ ਤੋਂ ਹਟਾਏ ਜਾਣ ਮਗਰੋਂ ਰੇਲ ਗੱਡੀ ਅੱਗੇ ਰਵਾਨਾ ਹੋਈ ਅਤੇ ਸਮੇਂ ਸਿਰ ਗਾਂਧੀਨਗਰ ਪਹੁੰਚੀ। ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਸੀ। -ਪੀਟੀਆਈ