ਮੁੰਬਈ: ਅਦਾਕਾਰ ਵਰੁਣ ਧਵਨ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ ਕਿ ਊਸ ਦੇ ਪਿਤਾ ਫਿਲਮਸਾਜ਼ ਡੇਵਿਡ ਧਵਨ ਸਾਲ 1982 ਦੀ ਅਮਿਤਾਭ ਬਚਨ ਦੀ ਸੁਪਰਹਿੱਟ ਫਿਲਮ ‘ਨਮਕ ਹਲਾਲ’ ਦੀ ਰੀਮੇਕ ਬਣਾ ਰਹੇ ਹਨ। ਅਦਾਕਾਰ ਨੇ ਇਹ ਜਾਣਕਾਰੀ ਇੱਕ ਲੇਖ ਦੇ ਲਿੰਕ ਨਾਲ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਡੇਵਿਡ ਧਵਨ ਵਲੋਂ ਰੀਮੇਕ ’ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਰੁਣ ਮੁੱਖ ਭੂਮਿਕਾ ਵਿੱਚ ਹੋਵੇਗਾ। ਵਰੁਣ ਨੇ ਟਵੀਟ ਕੀਤਾ, ‘‘ਤੁਸੀਂ ਮੇਰੇ ਬਾਰੇ ਜਿੰਨੀਆਂ ਮਰਜ਼ੀ ਮਨਘੜਤ ਕਹਾਣੀਆਂ ਲਿਖੋ ਪਰ ਮੇਰੇ ਪਿਤਾ ਬਾਰੇ ਗੱਲਾਂ ਨਾ ਬਣਾਓ। ਇਹ ਪੂਰੀ ਤਰ੍ਹਾਂ ਨਾਲ ਮਨਘੜਤ ਕਹਾਣੀ ਹੈ… ਕ੍ਰਿਸਮਸ ਮੌਕੇ ਮਿਲਦੇ ਹਾਂ, ਤੁਹਾਨੂੰ ਹਸਾਊਣ ਆ ਰਿਹਾ ਹਾਂ।’’ ਦੱਸਣਯੋਗ ਹੈ ਕਿ ਕ੍ਰਿਸਮਸ ਮੌਕੇ ਵਰੁਣ ਧਵਨ ਅਤੇ ਸਾਰਾ ਅਲੀ ਖਾਨ ਦੀ ਫਿਲਮ ਆ ਰਹੀ ਹੈ, ਜੋ ਸਾਲ 1995 ਦੀ ਹਿੱਟ ਫਿਲਮ ‘ਕੁਲੀ ਨੰਬਰ 1’ ਦੀ ਰੀਮੇਕ ਹੈ। ਨਿਰਦੇਸ਼ਕ ਡੇਵਿਡ ਧਵਨ ਦੀ ਇਹ ਫਿਲਮ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ