ਰਾਮਪੁਰ/ਹਾਪੁੜ (ਉੱਤਰ ਪ੍ਰਦੇਸ਼), 4 ਫਰਵਰੀ
ਕਾਂਗਰਸ ਦੀ ਜਨਰਲ ਸੱਕਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਹਾਦਸੇ ਵਿੱਚ ਮਾਰੇ ਗਏ ਨਵਰੀਤ ਸਿੰਘ ਦੇ ਪਰਿਵਾਰ ਨਾਲ ਉਸ ਦੇ ਪਿੰਡ ਜਾ ਕੇ ਮੁਲਾਕਾਤ ਕੀਤੀ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਦੱਸਿਆ ਕਿ ਪ੍ਰਿਯੰਕਾ ਨੇ ਨਵਰੀਤ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਂਲੀ ਦਿੱਤੀ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਸੁਖਪਾਲ ਸਿੰਘ ਖਹਿਰਾ, ਜੈਅੰਤ ਚੌਧਰੀ ਸਮੇਤ ਹੋਰ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਰਾਮਪੁਰ ਜਾਂਦੇ ਸਮੇਂ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਕਾਫਲੇ ਦੀਆਂ ਤਿੰਨ-ਚਾਰ ਗੱਡੀਆਂ ਆਪਸ ਵਿਚ ਟਕਰਾ ਗਈਆਂ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਦੇ ਅਨੁਸਾਰ, ਇਹ ਘਟਨਾ ਗੜ੍ਹ ਮੁਕਤੇਸ਼ਵਰ ਦੇ ਨੇੜੇ ਦੀ ਹੈ ਅਤੇ ਇਸ ਵਿਚ ਕੋਈ ਜ਼ਖਮੀ ਨਹੀਂ ਹੋਇਆ। ਗਾਂਧੀ ਦੀ ਕਾਰ ਦੇ ਪਿੱਛੇ ਐੱਸਯੂਵੀ ਸਮੇਤ ਹੋਰ ਵਾਹਨ ਸਨ। ਪ੍ਰਿਯੰਕਾ ਗਾਂਧੀ ਦੇ ਨਾਲ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਸਨ। ਇਹ ਸਾਰੇ ਰਾਮਪੁਰ ਦੇ ਡਬਿਡਬਿਾ ਪਿੰਡ ਦੇ ਵਸਨੀਕ ਨਵਰੀਤ ਸਿੰਘ ਦੀ ‘ਅੰਤਮ ਅਰਦਾਸ’ ਵਿਚ ਹਿੱਸਾ ਲੈਣ ਜਾ ਰਹੇ ਸਨ।