ਨਵੀਂ ਦਿੱਲੀ, 31 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜੱਜਾਂ ਨੂੰ ਜ਼ੁਬਾਨੀ ਕਲਾਮੀ ਹਦਾਇਤਾਂ ਜਾਰੀ ਕਰਨ ਦੀ ਥਾਂ ਆਪਣੇ ਫੈਸਲਿਆਂ ਤੇ ਹੁਕਮਾਂ ਰਾਹੀਂ ਬੋਲਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੂੰਹ ਜ਼ੁਬਾਨੀ ਕਹੀ ਗਈ ਗੱਲ ਜੁਡੀਸ਼ੀਅਲ ਰਿਕਾਰਡ ਦਾ ਹਿੱਸਾ ਨਹੀਂ ਬਣਦੀ ਤੇ ਇਸ ਤੋਂ ਬਚਿਆ ਜਾਵੇ। ਜਸਟਿਸ ਡੀ.ਵਾਈ.ਚੰਦਰਚੂੜ ਤੇ ਐੱਮ.ਆਰ.ਸ਼ਾਹ ਦੇ ਬੈਂਚ ਨੇ ਕਿਹਾ ਕਿ ਜਦੋਂ ਜ਼ੁਬਾਨੀ ਕਲਾਮੀ ਗੱਲਾਂ ਹੋਣ ਤਾਂ ਉਥੇ ਨਿਆਂਇਕ ਜਵਾਬਦੇਹੀ ਕਿਤੇ ਗੁਆਚ ਜਾਂਦੀ ਹੈ ਤੇ ਇਹ ਖ਼ਤਰਨਾਕ ਮਿਸਾਲ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਪਰੋਕਤ ਦੋ ਮੈਂਬਰੀ ਬੈਂਚ ਨੇ ਇਹ ਟਿੱਪਣੀਆਂ ਗੁਜਰਾਤ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀਆਂ ਹਨ। ਗੁਜਰਾਤ ਹਾਈ ਕੋਰਟ ਨੇ ਧੋਖਾਧੜੀ ਤੇ ਅਪਰਾਧਕ ਕੇਸ ਵਿੱਚ ਜ਼ੁਬਾਨੀ ਕਲਾਮੀ ਦਿੱਤੇ ਹੁਕਮਾਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਕਿਹਾ ਸੀ। -ਪੀਟੀਆਈ