ਸ੍ਰੀਨਗਰ, 26 ਜੁਲਾਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ ’ਚ ਡੈਗਰ ਜੰਗੀ ਯਾਦਗਾਰ ਪਹੁੰਚੇ ਅਤੇ ਕਿਹਾ ਕਿ ਇਹ ਯਾਦਗਾਰ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਸੈਨਿਕਾਂ ਪ੍ਰਤੀ ਅਥਾਹ ਸਨਮਾਨ ਦੀ ਪ੍ਰਤੀਕ ਹੈ। ਇਸ ਮੌਕੇ ਉਨ੍ਹਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਨੇ ਡੈਗਰ ਜੰਗੀ ਯਾਦਗਾਰ ’ਤੇ ਕਿਤਾਬ ’ਚ ਆਪਣੇ ਸੰਦੇਸ਼ ’ਚ ਕਿਹਾ, ‘ਦੇਸ਼ ਸੈਨਿਕਾਂ ਅਤੇ 19ਵੀਂ ਇਨਫੈਂਟਰੀ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਸਲਾਮ ਕਰਦਾ ਹੈ, ਜੋ ਮੂਹਰਲੇ ਮੁਹਾਜ਼ ’ਤੇ ਸੈਨਿਕ ਵਜੋਂ ਉਲਟ ਮੌਸਮੀ ਸਥਿਤੀਆਂ ’ਚ ਸਾਡੀਆਂ ਹੱਦਾਂ ਦੀ ਰੱਖਿਆ ਕਰਦੇ ਹਨ।’ ਉਨ੍ਹਾਂ ਕਿਹਾ, ‘ਯਾਦਗਾਰ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਸੈਨਿਕਾਂ ਪ੍ਰਤੀ ਅਥਾਹ ਸਨਮਾਨ ਦੀ ਪ੍ਰਤੀਕ ਹੈ। ਮੈਨੂੰ ਯਕੀਨ ਹੈ ਕਿ ਇਹ ਯਾਦਗਾਰ ਭਾਰਤ ਦੇ ਲੋਕਾਂ ਨੂੰ ਭਾਰਤੀ ਸੈਨਾ ਦੇ ਉੱਚੀਆਂ ਕੀਮਤਾਂ ਬਾਰੇ ਸਿੱਖਿਆ ਅਤੇ ਪ੍ਰੇਰਨਾ ਦੇਵੇਗੀ।’ ਇਸ ਤੋਂ ਬਾਅਦ ਰਾਸ਼ਟਰਪਤੀ ਗੁਲਮਰਗ ਦੇ ‘ਹਾਈ ਐੈਲਟੀਟਿਊਡ ਵਾਰਫੇਅਰ ਸਕੂਲ’ ਵੀ ਗਏ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਦਰਾਸ ਦੌਰਾ ਖ਼ਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕਾਰਗਿਲ ਵਿਜੈ ਦਿਵਸ ਦੀ 22ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਦਰਾਸ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦੀ ਉਡਾਣ ਦਰਾਸ ਲਈ ਰਵਾਨਾ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਰਾਸ਼ਟਰਪਤੀ ਕੋਵਿੰਦ ਵਿਜੈ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ ਦਰਾਸ ਨਹੀਂ ਜਾ ਸਕੇ। ਇਸ ਤੋਂ ਪਹਿਲਾਂ 2019 ਵਿੱਚ ਵੀ ਰਾਸ਼ਟਰਪਤੀ ਕੋਵਿੰਦ ਖਰਾਬ ਮੌਸਮ ਕਾਰਨ ਦਰਾਸ ਨਹੀਂ ਸਨ ਜਾ ਸਕੇ। ਸਾਲ 2020 ’ਚ ਕਰੋਨਾ ਮਹਾਮਾਰੀ ਕਾਰਨ ਵਿਜੈ ਦਿਵਸ ਸਮਾਗਮ ਨਹੀਂ ਸੀ ਕਰਵਾਇਆ ਜਾ ਸਕਿਆ। -ਪੀਟੀਆਈ
ਦੇਸ਼ ਜਵਾਨਾਂ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦਾ ਹੈ: ਸ਼ਾਹ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਫ਼ੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਸਦਕਾ ਹੀ ਭਾਰਤੀ ਤਿਰੰਗਾ ਕਾਰਗਿਲ ਦੀਆਂ ਔਖੀਆਂ ਅਤੇ ਚੁਣੌਤੀਪੂਰਨ ਉਚਾਈਆਂ (ਚੋਟੀਆਂ) ’ਤੇ ਦੁਬਾਰਾ ਲਹਿਰਾਇਆ ਸੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਜਵਾਨਾਂ ਦਾ ਕਰਜ਼ਾਈ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦਾ ਹੈ।