ਸੂਰਤ, 23 ਮਈ
ਗੁਜਰਾਤ ’ਚ ਭਾਜਪਾ ਵਿਧਾਇਕ ਵੀਡੀ ਜਲਵਾਡੀਆ ਐਤਵਾਰ ਨੂੰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਦੇ ਨਿਸ਼ਾਨੇ ’ਤੇ ਆ ਗਏ ਹਨ ਜਿਸ ’ਚ ਉਹ ਸੂਰਤ ਦੇ ਸਰਥਾਨਾ ਸਥਿਤ ਕੋਵਿਡ ਕੇਅਰ ਸੈਂਟਰ ’ਚ ਇੱਕ ਮਰੀਜ਼ ਲਈ ਸਰਿੰਜ ’ਚ ਰੈਮਡੇਸਿਵਿਰ ਦਾ ਟੀਕਾ ਭਰਦੇ ਹੋਏ ਦਿਖਾਈ ਦੇ ਰਹੇ ਹਨ। ਸੂਰਤ ਦੇ ਕਾਮਰੇਜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜਲਵਾਡੀਆ ਰੈਮਡੇਸਿਵਿਰ ਦਾ ਟੀਕਾ ਕੋਵਿਡ-19 ਦੇ ਮਰੀਜ਼ ਨੂੰ ਲਾਏ ਜਾਣ ਤੋਂ ਪਹਿਲਾਂ ਸਰਿੰਜ ਭਰਦੇ ਦੇਖੇ ਜਾ ਸਕਦੇ ਹਨ। ਕਾਂਗਰਸ ਦੇ ਬੁਲਾਰੇ ਜੈਰਾਜ ਸਿੰਘ ਪਰਮਾਰ ਨੇ ਇਸ ਹਰਕਤ ਲਈ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਜਰਾਤ ਦੇ ਸਿਹਤ ਮੰਤਰੀ ਨਿਤਿਨ ਪਟੇਲ ਨੂੰ ਵਿਧਾਇਕ ਤੋਂ ਪ੍ਰੇਰਨਾ ਲੈ ਕੇ ਭਾਜਪਾ ਕਾਰਕੁਨਾਂ ਨੂੰ ਟੀਕਾ ਲਾਉਣ ਦੀ ਸਿਖਲਾਈ ਦੇਣ ਲਈ ਇੱਕ ਕੇਂਦਰ ਖੋਲ੍ਹਣਾ ਚਾਹੀਦਾ ਹੈ ਜਿਸ ਨਾਲ ਹਸਪਤਾਲਾਂ ’ਚ ਮੈਡੀਕਲ ਕਰਮਚਾਰੀਆਂ ਦੀ ਘਾਟ ਪੂਰੀ ਹੋ ਜਾਵੇਗੀ। ਜਲਾਵਾਡੀਆ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਕਿਸੇ ਮਰੀਜ਼ ਨੂੰ ਟੀਕਾ ਨਹੀਂ ਲਾਇਆ ਬਲਕਿ ਸਿਰਫ਼ ਸਰਿੰਜ ’ਚ ਭਰਿਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਉਹ ਇਸ ਲਈ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਨ।
ਪਰਮਾਰ ਨੇ ਕਿਹਾ, ‘ਕਾਮਰੇਜ ਤੋਂ ਵਿਧਾਇਕ ਜਲਵਾਡੀਆ ਨੂੰ ਉਨ੍ਹਾਂ ਦੇ ਹੁਨਰ ਦਾ ਜਲਵਾ ਬਿਖੇਰਦੇ ਦੇਖ ਕੇ ਬਹੁਤ ਦੁਖ ਹੋਇਆ। ਨਿਤਿਨ ਪਟੇਲ ਨੂੰ ਜਲਵਾਡੀਆ ਦੀ ਅਗਵਾਈ ਹੇਠ ਇੱਕ ਸਿਖਲਾਈ ਕੇਂਦਰ ਖੋਲ੍ਹ ਕੇ ਇਹ ਦੱਸਣਾ ਚਾਹੀਦਾ ਹੈ ਕਿ ਜ਼ਖ਼ਮ ’ਤੇ ਪੱਟੀ ਕਿਵੇਂ ਕੀਤੀ ਜਾਂਦੀ ਹੈ ਅਤੇ ਟੀਕੇ ਕਿਵੇਂ ਲਾਏ ਜਾਂਦੇ ਹਨ।’ ਜਲਵਾਡੀਆ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਲੰਘੇ 40 ਦਿਨ ਤੋਂ ਸਾਰਥਨਾ ’ਚ ਕੋਵਿਡ ਕੇਅਰ ਸੈਂਟਰ ’ਚ ਕਰੋਨਾ ਪੀੜਤਾਂ ਦੀ ਸੇਵਾ ਕਰ ਰਹੇ ਹਨ ਤੇ 200 ਤੋਂ ਵੱਧ ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਅਸੀਂ 200 ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਘਰ ਭੇਜਿਆ। ਅਜੇ ਵੀ ਇਸ ਸੈਂਟਰ ’ਚ 10-12 ਮਰੀਜ਼ ਹਨ। ਜੇਕਰ ਕਿਸੇ ਨੂੰ ਇਹ ਲੱਗਦਾ ਹੈ ਕਿ ਮੈ ਰੈਮਡੇਸਿਵਿਰ ਦਾ ਟੀਕਾ ਭਰ ਕੇ ਗਲਤੀ ਕੀਤੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’ -ਪੀਟੀਆਈ