ਛਤਰਪਤੀ ਸ਼ੰਭਾਜੀਨਗਰ, 7 ਸਤੰਬਰ
ਮਹਾਰਾਸ਼ਟਰ ਦੇ ਛਤਰਪਤੀ ਸ਼ੰਭਾਜੀਨਗਰ ਜ਼ਿਲ੍ਹੇ ਦੇ ਗੰਗਾਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਪ੍ਰਸ਼ਾਂਤ ਬੰਬ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਦਾਕਾਰ ਅਮਿਤਾਭ ਬਚਨ ਦੇ ਮਨਪਸੰਦ ਗਾਣੇ ‘ਖਾਇਕੇ ਪਾਨ ਬਨਾਰਸ ਵਾਲਾ’ ਉੱਤੇ ਨੱਚਦੇ ਨਜ਼ਰ ਆ ਰਹੇ ਹਨ। ਕੁੱਝ ਲੋਕ ਵਿਧਾਇਕ ਦੇ ਨਾਚ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਕੁਝ ਨੇ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਮਰਾਠਵਾੜਾ ਖੇਤਰ ਦੇ ਕੁੱਝ ਹਿੱਸਿਆਂ ਵਿੱਚ ਕਿਸਾਨ ਫ਼ਸਲਾਂ ਦੀ ਤਬਾਹੀ ਦੀ ਸਮੱਸਿਆ ਨਾਲ ਜੂਝ ਰਹੇ ਤਾਂ ਉਦੋਂ ਉਹ ਨਾਚ-ਗਾਣੇ ਵਿੱਚ ਰੁੱਝੇ ਹੋਏ ਹਨ। ਪ੍ਰਸ਼ਾਂਤ ਬੰਬ ਨੇ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਦੂਜੀ ਵਾਰ ਗੰਗਾਪੁਰ ਸੀਟ ਜਿੱਤੀ ਸੀ। ਉਨ੍ਹਾਂ ਦੇ ਨਾਚ ਦੀ ਇਹ ਵੀਡੀਓ ਵੀਰਵਾਰ ਰਾਤ ਦੇ ਪ੍ਰੋਗਰਾਮ ਦੀ ਹੈ। ਪ੍ਰਸ਼ਾਂਤ ਬੰਬ ਨੇ ਕਿਹਾ, ‘ਹਰ ਸਾਲ ਮੇਰੀ ਪਾਰਟੀ ਦੇ ਵਰਕਰਾਂ ਲਈ ਮਨੋਰੰਜਨ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਸਾਲ ਪ੍ਰਸਿੱਧ ਸੈਰ-ਸਪਾਟਾ ਸਥਾਨ ਮਹੈਸਮਾਲ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਮੈਂ ‘ਖਾਇਕੇ ਪਾਨ ਬਨਾਰਸ ਵਾਲਾ’ ਗਾਣੇ ’ਤੇ ਨੱਚਿਆ। ਇਸ ਤੋਂ ਪਹਿਲਾਂ ਮੈਂ ਲਾਵਨੀ ਗੀਤ ਵੀ ਗਾਇਆ, ਜੋ ਮਹਾਰਾਸ਼ਟਰ ਦੇ ਸੱਭਿਆਚਾਰ ਦਾ ਹਿੱਸਾ ਹੈ। ਮੈਨੂੰ ਇਸ ਵਿੱਚ ਕੁੱਝ ਵੀ ਗਲਤ ਨਹੀਂ ਲੱਗਦਾ ਹੈ।’ -ਪੀਟੀਆਈ