ਇੰਫਾਲ/ਚੁਰਾਚਾਂਦਪੁਰ, 9 ਅਕਤੂਬਰ
ਮਨੀਪੁਰ ਵਿੱਚ ਇੱਕ ਵਿਅਕਤੀ ਨੂੰ ਸਾੜੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਸਰਕਾਰ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਇਹ ਮਾਮਲਾ ਦੋ ਔਰਤਾਂ ਦੀ ਨਗਨ ਪਰੇਡ ਨਾਲ ਜੁੜਿਆ ਹੋਇਆ ਹੈ। ਸੜ ਰਹੇ ਵਿਅਕਤੀ ਦੀ ਇਹ ਵੀਡੀਓ ਵੀ ਉਸੇ ਦਿਨ ਬਣਾਈ ਗਈ ਸੀ, ਜਿਸ ਦਿਨ ਭੀੜ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਪਰੇਡ ਕਰਵਾਈ ਗਈ ਸੀ। ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝੀ ਕੀਤੀ ਗਈ ਸੱਤ ਸੈਕਿੰਡ ਦੀ ਇਸ ਵੀਡੀਓ ਵਿੱਚ ਇੱਕ ਵਿਅਕਤੀ ਸੜਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਸਥਾਨਕ ਭਾਸ਼ਾ ਵਿੱਚ ਲੋਕਾਂ ਦੀ ਗੱਲਬਾਤ ਅਤੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਕਿਹਾ, ‘‘ਅਸੀਂ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਪਤਾ ਲੱਗਾ ਹੈ ਕਿ ਇਹ ਘਟਨਾ 4 ਮਈ ਨੂੰ ਵਾਪਰੀ ਸੀ। ਲਾਸ਼ ਦੀ ਪਛਾਣ ਕਰ ਲਈ ਗਈ ਹੈ, ਜੋ ਹੁਣ ਹਸਪਤਾਲ ਵਿੱਚ ਪਈ ਹੈ। ਇਹ ਮਾਮਲਾ ਦੋ ਔਰਤਾਂ ਦੀ ਨਗਨ ਪਰੇਡ ਨਾਲ ਜੁੜਿਆ ਹੋਇਆ ਹੈ।’’ ਮ੍ਰਿਤਕ ਕੰਗਪੋਕਪੀ ਜ਼ਿਲ੍ਹੇ ਦੇ ਇੱਕ ਪਿੰਡ ਦਾ ਵਸਨੀਕ ਸੀ। ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਪੁਲੀਸ ਦੇ ਡਾਇਰੈਕਟਰ ਜਨਰਲ ਰਾਜੀਵ ਸਿੰਘ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਹੈ। ਸੀਬੀਆਈ ਪਹਿਲਾਂ ਵੀ ਉੱਤਰ-ਪੂਰਬੀ ਰਾਜ ਵਿੱਚ ਹਿੰਸਾ ਦੇ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ। -ਪੀਟੀਆਈ