ਸ੍ਰੀਨਗਰ, 22 ਅਗਸਤ
ਸੈਨਾ ਦੀ ਚਿਨਾਰ ਕੋਰ ਇਕਾਈ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਵਾਇਰਲ ਹੋਈ ਉਸ ਵੀਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਕਥਿਤ ਤੌਰ ’ਤੇ ਫ਼ੌਜੀ ਇੱਥੇ ਨੌਗਾਮ ਇਲਾਕੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ੍ਰੀਨਗਰ ਪੁਲੀਸ ਨੇ ਘਟਨਾ ਸਬੰਧੀ ਇੱਕ ਮਾਮਲਾ ਦਰਜ ਕੀਤਾ ਹੈ। ਫ਼ੌਜ ਦੇ ਇੱਕ ਅਧਿਕਾਰੀ ਨੇ ਟਵੀਟ ਕੀਤਾ, ‘‘ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਜਵਾਨਾਂ ਤੇ ਲੋਕਾਂ ਦਰਮਿਆਨ ਝਗੜਾ ਦਿਖਾਈ ਦੇ ਰਿਹਾ ਹੈ। ਚਿਨਾਰ ਕੋਰ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ। ਪਹਿਲੀ ਨਜ਼ਰੇ ਇਹ ਇੱਕ ਪੁਰਾਣੀ ਵੀਡੀਓ ਜਾਪਦੀ ਹੈ, ਜੋ ਜਾਣ-ਬੁੱਝ ਕੇ ਹਥਿਆਰਬੰਦ ਬਲਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਸਾਂਝੀ ਕੀਤੀ ਗਈ ਹੈ।’’ ਇਸ ਦੌਰਾਨ ਪੁਲੀਸ ਨੇ ਕਿਹਾ ਕਿ ਇਹ ਕਥਿਤ ਘਟਨਾ ਸੋਮਵਾਰ ਦੀ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।