ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਮਹਾਰਾਸ਼ਟਰ ਪੁੱਜੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਪੁਣੇ ਵਿਚ ਉਸ ਸਥਾਨ ਉਤੇ ਪੁੱਜੇ ਜਿਥੋਂ ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤੀਰਾਓ ਫੂਲੇ ਤੇ ਉਨ੍ਹਾਂ ਦੀ ਪਤਨੀ ਮਾਤਾ ਸਵਿਤਰੀ ਬਾਈ ਫੂਲੇ ਨੇ ਔਰਤਾਂ, ਬੱਚੀਆਂ ਤੇ ਦਲਿਤਾਂ-ਅਛੂਤਾਂ ਲਈ ਦੇਸ਼ ਦਾ ਪਹਿਲਾ ਸਕੂਲ ਸ਼ੁਰੂ ਕਰ ਕੇ ਉਨ੍ਹਾਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਸਨ।
ਇਸ ਮੌਕੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਅੱਜ ਮੈਨੂੰ ਇਸ ਪਵਿੱਤਰ ਧਰਤੀ ਨੂੰ ਨਮਨ ਕਰਨ ਦਾ ਮੌਕਾ ਮਿਲਣ ਉਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਜਿੱਥੋਂ ਮਹਾਤਮਾ ਜੋਤੀਬਾ ਫੂਲੇ ਅਤੇ ਮਾਤਾ ਸਵਿਤਰੀ ਬਾਈ ਫੂਲੇ ਨੇ ਔਰਤਾਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਸਨ। ਉਨ੍ਹਾਂ ਨੇ ਸਮਾਜ ਦੇ ਸਖ਼ਤ ਵਿਰੋਧ ਦੇ ਖ਼ਿਲਾਫ਼ ਲੜਦੇ ਹੋਏ ਔਰਤਾਂ ਨੂੰ ਸਿੱਖਿਅਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ।’’
ਦੇਖੋ ਵੀਡੀਓ:
#WATCH | Pune, Maharashtra | Haryana CM Nayab Singh Saini says, “Today I got a chance to pay tribute to this pious land where Mahatma Jyotiba Phule and Savitribai Phule opened the doors of education for women. They played a role in educating women while fighting against… pic.twitter.com/Bz7RVKYOlo
— ANI (@ANI) November 11, 2024
ਉਨ੍ਹਾਂ ਕਿਹਾ ਕਿ ਮਾਤਾ ਸਵਿਤਰੀ ਬਾਈ ਫੂਲੇ ਨੇ ਸਮਾਜਕ ਕੁਰੀਤੀਆਂ ਖ਼ਿਲਾਫ਼ ਲੜਦਿਆਂ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਦੇ ਰੂਪ ਵਿਚ ਸਿੱਖਿਆ ਨੂੰ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਵੀ ਮਹਾਤਮਾ ਜੋਤੀਬਾ ਫੂਲੇ ਦੇ ਸਮਾਜ ਨਾਲ ਸਬੰਧਤ ਹਨ। ਸੈਣੀ ਨੇ ਹੋਰ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਾਤਮਾ ਜੋਤੀਬਾ ਫੂਲੇ ਤੋਂ ਪ੍ਰੇਰਨਾ ਲੈ ਕੇ ਹੀ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਗਰੀਬਾਂ ਦੇ ਸ਼ਕਤੀਕਰਨ ਲਈ ਕੰਮ ਕਰ ਰਹੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਮੋਦੀ ਦੀ ਅਗਵਾਈ ਵਿੱਚ ਮਹਾਰਾਸ਼ਟਰ ਵਿੱਚ ਆਪਣੀ ਸਰਕਾਰ ਬਣਾਵੇਗੀ।