ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 4 ਦਸੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਫਰਾਂਸ ਵਿਚਲੇ 1.6 ਮਿਲੀਅਨ ਯੂਰੋ (14 ਕਰੋੜ ਰੁਪਏ) ਦੇ ਅਸਾਸੇ ਜ਼ਬਤ ਕਰ ਲਏ ਹਨ। ਮਾਲਿਆ ਇਸ ਵੇਲੇ ਯੂਕੇ ਵਿੱਚ ਹੈ ਤੇ ਉਹ ਭਾਰਤ ਵਿੱਚ ਸਰਕਾਰੀ ਬੈਂਕਾਂ ਦੇ 11 ਹਜ਼ਾਰ ਕਰੋੜ ਰੁਪਏ ਦਾ ਦੇਣਦਾਰ ਹੈ। ਈਡੀ ਨੇ ਇਕ ਬਿਆਨ ਵਿੱਚ ਕਿਹਾ, ‘ਐੱਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ ’ਤੇ ਫਰਾਂਸ ਅਥਾਰਿਟੀਜ਼ ਨੇ ਵਿਜੈ ਮਾਲਿਆ ਦੀ 32 ਐਵੇਨਿਊ ਐੱਫਓਸੀਐੱਚ (ਫਰਾਂਸ) ਸਥਿਤ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜ਼ਬਤ ਕੀਤੇ ਅਸਾਸੇ ਦੀ ਕੀਮਤ 14 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਲਿਮਟਿਡ ਦੇ ਬੈਂਕ ਖਾਤੇ ਜ਼ਰੀਏ ਇਕ ਵੱਡੀ ਰਕਮ ਵਿਦੇਸ਼ ਤਬਦੀਲ ਕੀਤੀ ਗਈ ਸੀ।’