ਨਵੀਂ ਦਿੱਲੀ: ਵਿਜਯਾ ਕਿਸ਼ੋਰ ਰਾਹਤਕਰ ਨੂੰ ਕੌਮੀ ਮਹਿਲਾ ਕਮਿਸ਼ਨ ਦੀ 9ਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ ਰੇਖਾ ਸ਼ਰਮਾ ਦੀ ਥਾਂ ਲੈਣਗੇ। ਅਧਿਕਾਰਤ ਹੁਕਮ ਮੁਤਾਬਕ ਇਹ ਨਿਯੁਕਤੀ ਨੈਸ਼ਨਲ ਕਮਿਸ਼ਨ ਫਾਰ ਵਿਮੈੱਨ ਐਕਟ 1990 ਦੀ ਧਾਰਾ 3 ਤਹਿਤ ਕੀਤੀ ਗਈ ਹੈ। ਰਾਹਤਕਰ ਦੀ ਨਿਯੁਕਤੀ ਤਿੰਨ ਸਾਲ ਦੇ ਅਰਸੇ ਜਾਂ 65 ਸਾਲ ਦੀ ਉਮਰ, ਜੋ ਵੀ ਪਹਿਲਾਂ ਹੋਵੇ, ਤੱਕ ਹੋਵੇਗੀ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਰਾਹਤਕਾਰ ਦਾ ਕਾਰਜਕਾਲ ਤੁਰੰਤ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਅਰਚਨਾ ਮਜੂਮਦਾਰ ਨੂੰ ਤਿੰਨ ਸਾਲਾਂ ਲਈ ਐੱਨਸੀਡਬਲਿਊ ਦੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ