ਕੋਲਮ (ਕੇਰਲਾ): ਸੂਬੇ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਨੂੰ ਚੋਣ ਕਮਿਸ਼ਨ ਵੱਲੋਂ ਟਾਲੇ ਜਾਣ ਦੇ ਫ਼ੈਸਲੇ ’ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਇਤਰਾਜ਼ ਜਤਾਇਆ ਹੈ। ਇਨ੍ਹਾਂ ਸੀਟਾਂ ’ਤੇ ਚੋਣਾਂ ਨੂੰ ਕੇਂਦਰ ਸਰਕਾਰ ਨੇ ਕੁਝ ਮੁੱਦਿਆਂ ’ਤੇ ਲਾਲ ਝੰਡੀ ਦਿਖਾਈ ਸੀ। ਵਿਜਯਨ ਨੇ ਕਿਹਾ, ‘ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਪਰ ਅਚਾਨਕ ਇਸ ਨੂੰ ਰੋਕ ਦਿੱਤਾ ਗਿਆ। ਅਜਿਹੇ ਫ਼ੈਸਲੇ ਨੂੰ ਸਿਰਫ਼ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ’ਤੇ ਹਮਲੇ ਵਜੋਂ ਦੇਖਿਆ ਜਾ ਸਕਦਾ ਹੈ।’ ਉਨ੍ਹਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੂੰ ਚੋਣ ਕਮਿਸ਼ਨ ਦੇ ਮਾਮਲਿਆਂ ’ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਸੀਟਾਂ ’ਤੇ ਫਿਲਹਾਲ ਆਈਯੂਐੱਮਐੱਲ ਦੇ ਅਬਦੁਲ ਵਹਾਬ, ਸੀਪੀਆਈ (ਐੱਮ) ਦੇ ਕੇਕੇ ਰਾਜੇਸ਼ ਅਤੇ ਕਾਂਗਰਸ ਦੇ ਵਾਇਲਾਰ ਰਵੀ ਕਾਬਜ਼ ਹਨ। ਇਹ ਸਾਰੇ ਸੰਸਦ ਮੈਂਬਰ 21 ਅਪਰੈਲ ਨੂੰ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਸੀਟਾਂ ਲਈ 12 ਅਪਰੈਲ ਨੂੰ ਵੋਟਾਂ ਪੈਣੀਆਂ ਸਨ ਤੇ ਨੋਟੀਫਿਕੇਸ਼ਨ ਬੀਤੇ ਦਿਨ ਜਾਰੀ ਹੋਣਾ ਸੀ। -ਪੀਟੀਆਈ