ਤਿਰੂਵਨੰਤਪੁਰਮ, 3 ਮਈ
ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੀਪੀਐੱਮ ਦੀ ਅਗਵਾਈ ਹੇਠਲਾ ਖੱਬੇ-ਪੱਖੀ ਮੋਰਚਾ (ਐੱਲਡੀਐੱਫ) ਲਗਾਤਾਰ ਦੂਜੀ ਵਾਰ ਸੱਤਾ ’ਚ ਆਇਆ ਹੈ। ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਵਿਜਯਨ ਅੱਜ ਦੁਪਹਿਰ ਵੇਲੇ ਰਾਜ ਭਵਨ ਗਏ ਅਤੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਅਸਤੀਫ਼ਾ ਸੌਂਪਿਆ। ਸੂਤਰਾਂ ਮੁਤਾਬਕ ਨਵੀਂ ਸਰਕਾਰ ਵੱਲੋਂ ਹਲਫ਼ ਲਏ ਜਾਣ ਤੱਕ ਸ੍ਰੀ ਵਿਜਯਨ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਸ੍ਰੀ ਵਿਜਯਨ ਵੱਲੋਂ ਅਗਲੇ ਹਫ਼ਤੇ ਤੱਕ ਮੁੜ ਤੋਂ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਿਆ ਜਾ ਸਕਦਾ ਹੈ। ਐੱਲਡੀਐੱਫ ਨੂੰ 140 ’ਚੋਂ 99 ਸੀਟਾਂ ਮਿਲੀਆਂ ਹਨ ਜਦਕਿ ਵਿਰੋਧੀ ਯੂਡੀਐੱਫ 41 ਸੀਟਾਂ ਹੀ ਲੈ ਸਕਿਆ। ਭਾਜਪਾ ਦਾ ਕੇਰਲਾ ’ਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਸਾਲ 2001 ਤੋਂ ਬਾਅਦ ਪਹਿਲੀ ਵਾਰ ਹੈ ਕਿ ਕੇਰਲਾ ਵਿਧਾਨ ਸਭਾ ਲਈ 11 ਮਹਿਲਾ ਵਿਧਾਇਕ ਚੁਣੀਆਂ ਗਈਆਂ ਹਨ। ਕੁੱਲ 103 ਮਹਿਲਾਵਾਂ ਨੇ ਚੋਣਾਂ ਲੜੀਆਂ ਸਨ ਪਰ ਜਿੱਤ ਸਿਰਫ਼ 11 ਨੂੰ ਹੀ ਨਸੀਬ ਹੋਈ। ਪਿਛਲੀਆਂ ਚੋਣਾਂ ’ਚ 8 ਮਹਿਲਾਵਾਂ ਵਿਧਾਨ ਸਭਾ ਪਹੁੰਚੀਆਂ ਸਨ। -ਪੀਟੀਆਈ