ਕਾਨਪੁਰ/ਲਖਨਊ, 8 ਜੁਲਾਈ
ਉੱਤਰ ਪ੍ਰਦੇਸ਼ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੁੱਧਵਾਰ ਨੂੰ ਕਾਨਪੁਰ ਦੇ ਬਿੱਕਰੂ ਕੇਸ ਦੇ ਮੁੱਖ ਮੁਲਜ਼ਮ ਵਿਕਾਸ ਦੁਬੇ ਦੇ ਕਰੀਬੀ ਸਾਥੀ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਤੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਵਿਕਾਸ ਦੁਬੇ ਦੇ ਸਿਰ ਦਾ ਮੁੱਲ ਪੰਜ ਲੱਖ ਰੁਪਏ ਕਰ ਦਿੱਤਾ ਹੈ। ਉਸ ਦੇ ਸਿਰ ਦਾ ਮੁੱਲ ਚੌਥੀ ਵਾਰ ਵਧਾਇਆ ਗਿਆ ਹੈ। ਇਸ ਤੋਂ ਪਹਿਲਾਂ ਅੱਜ ਐੱਸਟੀਐੱਫ ਦੇ ਇੰਸਪੈਕਟਰ ਜਨਰਲ ਅਮਿਤਾਭ ਯਸ਼ ਨੇ ਦੱਸਿਆ ਕਿ ਹਮੀਰਪੁਰ ਜ਼ਿਲੇ ਦੇ ਮੌਦਹਾ ਖੇਤਰ ਵਿੱਚ ਐਸਟੀਐਫ ਨਾਲ ਮੁਕਾਬਲੇ ਵਿੱਚ ਵਿਕਾਸ ਦੁਬੇ ਦਾ ਰਿਸ਼ਤੇਦਾਰ ਤੇ ਨੇੜਡਾ ਸਾਥੀ ਅਮਰ ਦੁਬੇ ਮਾਰਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ’ਤੇ 25000 ਰੁਪਏ ਦਾ ਇਨਾਮ ਸੀ। ਹਮੀਰਪੁਰ ਦੇ ਐੱਸਪੀ ਨੇ ਦੱਸਿਆ ਕਿ ਸੂਹ ਮਿਲਣ ’ਤੇ ਕੀਤੀ ਐੱਸਟੀਐੱਫ ਨੇ ਅਮਰ ਦੁਬੇ ਨੂੰ ਘੇਰ ਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿਚ ਮੌਦਹਾ ਦਾ ਇੰਸਪੈਕਟਰ ਅਤੇ ਐੱਸਟੀਐਫ ਦਾ ਕਾਂਸਟੇਬਲ ਜ਼ਖਮੀ ਹੋ ਗਏ। ਅਮਰ ਗੋਲੀਆਂ ਲੱਗਣ ਬਾਅਦ ਹਸਪਤਾਲ ਲਿਜਾਇਆ ਗਿਆ ਜਿਥੇ ਊਸ ਦੀ ਮੌਤ ਹੋ ਗਈ।ਵਿਕਾਸ ਦੁਬੇ ਦਾ ਇਹ ਤੀਜਾ ਸਾਥੀ ਹੈ, ਜੋ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਮੁਕਾਲਬੇ ਵਾਲੀ ਥਾਂ ਤੋਂ ਆਟੋਮੈਟਿਕ ਹਥਿਆਰਾਂ ਦਾ ਬੈਗ ਵੀ ਮਿਲਿਆ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਅੱਠ ਪੁਲੀਸ ਮੁਲਾਜ਼ਮਾਂ ਦੇ ਕਤਲ ਲਈ ਜ਼ਿੰਮੇਵਾਰ ਭਗੌੜੇ ਵਿਕਾਸ ਦੁਬੇ ਹਰਿਆਣਾ ਵਿੱਚ ਦੇਖਣ ਤੋਂ ਬਾਅਦ ਪੁਲੀਸ ਨੂੰ ਚੌਕਸ ਕਰ ਦਿੱਤਾ ਗਿਆ ਹੈ ਪਰ ਉਹ ਪੁਲੀਸ ਦੇ ਹੱਥ ਨਹੀਂ ਆਇਆ। ਖੁਫੀਆ ਰਿਪੋਰਟਾਂ ਅਨੁਸਾਰ ਵਿਕਾਸ ਜਾਅਲ ਪਛਾਣ ਨਾਲ ਬਡਖਲ ਚੌਕ ਖੇਤਰ ਵਿੱਚ ਸਥਿਤ ਸਸਤੇ ਜਿਹੇ ਹੋਟਲ ਵਿੱਚ ਠਹਿਰਿਆ ਸੀ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਾਂਝੀਆਂ ਟੀਮਾਂ ਨੇ ਦੁਬੇ ਦੇ ਸਹਿਯੋਗੀ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਦੁਬੇ ਉਸ ਦੇ ਨਾਲ ਹੋਟਲ ਵਿੱਚ ਰਹੇ।