ਮੁੰਬਈ, 11 ਜੁਲਾਈ
ਮਹਾਰਾਸ਼ਟਰ ਪੁਲੀਸ ਦੀ ਏਟੀਐੱਸ ਨੇ ਅੱਜ ਕਸਬਾ ਠਾਣੇ ਤੋਂ ਗੈਂਗਸਟਰ ਵਿਕਾਸ ਦੂਬੇ ਦੇ ਸਾਥੀ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਅਨੁਸਾਰ ਦੂਬੇ ਦੇ ਸਾਥੀ ਅਰਵਿੰਦ ਊਰਫ਼ ਗੁੱਡਨ ਰਾਮਵਿਲਾਸ ਤ੍ਰਿਵੇਦੀ (46) ਦੀ ਕਾਨਪੁਰ ਜ਼ਿਲ੍ਹੇ ਵਿੱਚ ਮਰਹੂਮ ਗੈਂਗਸਟਰ ਦੇ ਘਰ ’ਤੇ ਛਾਪੇ ਦੌਰਾਨ ਅੱਠ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਵਿੱਚ ਕਥਿਤ ਤੌਰ ’ਤੇ ਸ਼ਮੂਲੀਅਤ ਸੀ। ਤ੍ਰਿਵੇਦੀ ਅਤੇ ਊਸ ਦੇ ਡਰਾਈਵਰ ਸੁਸ਼ੀਲ ਕੁਮਾਰ ਊਰਫ਼ ਸੋਨੂੰ ਤਿਵਾੜੀ (30) ਨੂੰ ਕਸਬਾ ਠਾਣੇ ਦੇ ਕੋਲਸ਼ੇਤ ਖੇਤਰ ’ਚੋਂ ਕਾਬੂ ਕੀਤਾ ਗਿਆ। ਊਨ੍ਹਾਂ ਦੱਸਿਆ ਕਿ ਏਟੀਐੱਸ ਦੀ ਜੁਹੂ ਇਕਾਈ ਨੂੰ ਮੁਖਬਰੀ ਮਿਲੀ ਸੀ ਕਿ ਤ੍ਰਿਵੇਦੀ ਮੁੰਬਈ ’ਚ ਲੁਕਿਆ ਹੈ। ਇਸ ’ਤੇ ਇੰਸਪੈਕਟਰ ਦਯਾ ਨਾਇਕ, ਜੋ ਮੁੰਬਈ ਪੁਲੀਸ ਦੇ ਸਾਬਕਾ ‘ਐਨਕਾਊਂਟਰ ਸਪੈਸ਼ਲਿਸਟ’ ਹਨ, ਦੀ ਟੀਮ ਨੇ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛ-ਪੜਤਾਲ ਵਿੱਚ ਤ੍ਰਿਵੇਦੀ ਨੇ 2001 ਵਿੱਚ ਊੱਤਰ ਪ੍ਰਦੇਸ਼ ਦੇ ਸਿਆਸਤਦਾਨ ਸੰਤੋਸ਼ ਮਿਸ਼ਰਾ ਦੀ 2001 ਵਿੱਚ ਹੱਤਿਆ ਕਰਨ ਵਿੱਚ ਸ਼ਮੂਲੀਅਤ ਮੰਨੀ ਹੈ। ਏਟੀਐੱਸ ਵਲੋਂ ਊੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ ਨੂੰ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮਰਹੂਮ ਗੈਂਗਸਟਰ ਵਿਕਾਸ ਦੂਬੇ ਵਲੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਕਮਾ ਕੇ ਬਣਾਈਆਂ ਸੰਪਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਊਸ ਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਏਜੰਸੀ ਦੇ ਲਖਨਊ ਵਿਚਲੇ ਜ਼ੋਨਲ ਦਫ਼ਤਰ ਵਲੋਂ ਕਾਨਪੁਰ ਪੁਲੀਸ ਤੋਂ ਇਸ ਸਬੰਧੀ 6 ਜੁਲਾਈ ਨੂੰ ਗੈਂਗਸਟਰ ਖ਼ਿਲਾਫ਼ ਸਾਰੀਆਂ ਐੱਫਆਈਆਰਜ਼ ਅਤੇ ਚਾਰਜਸ਼ੀਟਾਂ ਤੋਂ ਇਲਾਵਾ ਊਸ ਨਾਲ ਜੁੜੇ ਲੋਕਾਂ ਬਾਰੇ ਜਾਣਕਾਰੀ ਮੰਗੀ ਗਈ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਕਸਬਾ ਗਵਾਲੀਅਰ ਵਿੱਚੋਂ ਊੱਤਰ ਪ੍ਰਦੇਸ਼ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਤੇ ਦੂਬੇ ਦੇ ਦੋ ਸਾਥੀਆਂ ਸ਼ਸ਼ੀਕਾਂਤ ਪਾਂਡੇ ਅਤੇ ਸ਼ਿਵਮ ਦੂਬੇ ਨੂੰ ਪਨਾਹ ਦੇਣ ਦੇ ਦੋਸ਼ ਲੱਗੇ ਹਨ। -ਪੀਟੀਆਈ