ਨਵੀਂ ਦਿੱਲੀ: ਮੌਜੂਦਾ ਸਮੇਂ ਯੂਕਰੇਨ ਸੰਕਟ ਸਮੇਤ ਭਾਰਤ ਨੂੰ ਦਰਪੇਸ਼ ਕਈ ਭੂ-ਰਾਜਨੀਤਕ ਮੁਸ਼ਕਲ ਪ੍ਰਸਥਿਤੀਆਂ ਦਰਮਿਆਨ ਕੂਟਨੀਤਕ ਵਿਨੈ ਮੋਹਨ ਕਵਾਤਰਾ ਨੇ ਅੱਜ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਜਾਣਕਾਰੀ ਮੁਤਾਬਕ ਭਾਰਤ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ ਸ੍ਰੀ ਕਵਾਤਰਾ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ, ਜੋ ਸ਼ਨਿਚਰਵਾਰ ਨੂੰ ਸੇਵਾਮੁਕਤ ਹੋ ਗਏ ਹਨ। ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਕਵਾਤਰਾ ਨੇਪਾਲ ’ਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾ ਰਹੇ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,‘ਸ੍ਰੀ ਵਿਨੈ ਕਵਾਤਰਾ ਨੇ ਅੱਜ ਸਵੇਰੇ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਐੱਮਈਏ ਦੀ ਟੀਮ ਵਿਦੇਸ਼ ਸਕੱਤਰ ਸ੍ਰੀ ਕਵਾਤਰਾ ਨੂੰ ਚੰਗੇ ਤੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕਰਦੀ ਹੈ।’ ਸ੍ਰੀ ਕਵਾਤਰਾ ਨੂੰ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਨਜਿੱਠਣ ’ਚ ਵਿਸ਼ੇਸ਼ ਮੁਹਾਰਤ ਹਾਸਲ ਹੋਣ ਤੋਂ ਇਲਾਵਾ ਅਮਰੀਕਾ, ਚੀਨ ਤੇ ਯੂਰੋਪ ਨਾਲ ਸਬੰਧ ਕਾਇਮ ਰੱਖਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੂਟਨੀਤਕ ਵਜੋਂ ਜਾਣਿਆ ਜਾਂਦਾ ਹੈ। -ਪੀਟੀਆਈ