ਦੇਹਰਾਦੂਨ, 14 ਅਪਰੈਲ
ਕੁੰਭ ਮੇਲੇ ਦੌਰਾਨ ਤੀਜੇ ਸ਼ਾਹੀ ਇਸ਼ਨਾਨ ਮੌਕੇ ਹਰਿਦੁਆਰ ਵਿਚ ਹਰ ਕੀ ਪੌੜੀ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੰਗਾ ਵਿਚ ਇਸ਼ਨਾਨ ਕੀਤਾ। ਦੇਸ਼ ਵਿਚ ਵਧ ਰਹੇ ਕਰੋਨਾ ਕੇਸਾਂ ਬਾਰੇ ਜਾਰੀ ਹਦਾਇਤਾਂ ਨੂੰ ਸ਼ਰਧਾਲੂਆਂ ਵੱਲੋਂ ਅਣਗੌਲਿਆਂ ਕੀਤਾ ਗਿਆ। ਸ਼ਾਹੀ ਇਸ਼ਨਾਨ ਮੌਕੇ ਭਾਰੀ ਗਿਣਤੀ ਵਿਚ ਸਾਧੂ ਅਤੇ ਆਮ ਸ਼ਰਧਾਲੂ ਗੰਗਾ ਕਿਨਾਰੇ ਇਕੱਤਰ ਹੋਏ। ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਕੋਈ ਪਾਲਣਾ ਨਹੀਂ ਕੀਤੀ ਗਈ। ਦੁਪਹਿਰ ਤਕ ਕਰੀਬ 10 ਲੱਖ ਸ਼ਰਧਾਲੂਆਂ ਨੇ ਗੰਗਾ ਵਿਚ ਇਸ਼ਨਾਨ ਕੀਤਾ। ਇਸ ਮੌਕੇ ਸੁਰੱਖਿਆ ਪ੍ਰਬੰਧ ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਜਿੰਨੇ ਲੋਕਾਂ ਦੇ ਪੁੱਜਣ ਦੀ ਉਮੀਦ ਸੀ, ਇੱਥੇ ਹੋ ਰਿਹਾ ਇਕੱਠ ਉਸ ਨਾਲੋਂ ਕਾਫ਼ੀ ਘੱਟ ਹੈ। ਪੁਲੀਸ ਮੁਲਾਜ਼ਮ ਸ਼ਰਧਾਲੂਆਂ ਨੂੰ ਮਾਸਕ ਵੰਡ ਰਹੇ ਹਨ। ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਹੈ। ਇਸ ਦੌਰਾਨ ਉੱਤਰਾਖੰਡ ਵਿਚ ਇੱਕ ਦਿਨ ’ਚ 1925, ਦੇਹਰਾਦੂਨ ’ਚ 775 ਅਤੇ ਹਰਿਦੁਆਰ ਵਿਚ 594 ਕਰੋਨਾ ਕੇਸ ਸਾਹਮਣੇ ਆਏ ਹਨ। -ਪੀਟੀਆਈ