ਨਗਾਂਵ (ਅਸਾਮ), 10 ਨਵੰਬਰ
ਅਸਾਮ ਵਿੱਚ ਸਾਮਾਗੁਰੀ ਵਿਧਾਨ ਸਭਾ ਸੀਟ ’ਤੇ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਿੰਸਾ ਦੀਆਂ ਘਟਨਾਵਾਂ ਦੌਰਾਨ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਪਿਛਲੇ 24 ਘੰਟਿਆਂ ਵਿੱਚ ਇੱਕ-ਦੂਜੇ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਏ ਜਾਣ ਦਾ ਦੋਸ਼ ਲਾਇਆ। ਇਹ ਵੀ ਦੋਸ਼ ਲਗਾਇਆ ਹੈ ਕਿ ਕਾਂਗਰਸ ਸਮਰਥਕਾਂ ਨੇ ਹਿੰਸਾ ਦੀ ਰਿਪੋਰਟਿੰਗ ਕਰਨ ਗਏ ਤਿੰਨ ਪੱਤਰਕਾਰਾਂ ਦੀ ਕੁੱਟਮਾਰ ਵੀ ਕੀਤੀ। ਹਿੰਸਾ ਦੀ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ।
ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਭਾਜਪਾ ਕਾਰਕੁਨਾਂ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਵਿੱਚ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਜਮਹੂਰੀ ਪ੍ਰਕਿਰਿਆ ਕਮਜ਼ੋਰ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਸਾਮਾਗੁਰੀ ਦੇ ਮਾਰੀ ਪੁਠਿਖੈਤੀ ਪਿੰਡ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਦੀ ਜਾਣਕਾਰੀ ਮਿਲੀ ਹੈ। ਭਾਜਪਾ ਕਾਰਕੁਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਇੱਕ ਕਾਰਕੁਨ ਦੇ ਘਰ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਜੀਤੂ ਗੋਸਵਾਮੀ ਦੇ ਵਾਹਨ ’ਤੇ ਗੋਲੀ ਚਲਾਈ ਗਈ।’’ ਉਨ੍ਹਾਂ ਕਿਹਾ ਕਿ ਵਾਹਨ ’ਤੇ ਗੋਸਵਾਮੀ ਤੇ ਭਾਜਪਾ ਆਗੂ ਸੁਰੇਸ਼ ਬੋਰਾ ਸਵਾਰ ਸਨ। ਅਧਿਕਾਰੀ ਨੇ ਦੱਸਿਆ, ‘‘ਉਧਰ, ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਕਾਰਕੁਨਾਂ ਨੇ ਪਾਰਟੀ ਦੇ ਸਾਬਕਾ ਪੰਚਾਇਤ ਸਕੱਤਰ ਇਸਮਾਈਲ ਹੁਸੈਨ ਦੇ ਲੜਕੇ ਇਮਾਮੂਦੀਨ ’ਤੇ ਗੋਲੀ ਚਲਾਈ ਜਿਸ ਵਿੱਚ ਉਸ ਦੇ ਪੈਰ ’ਤੇ ਸੱਟ ਲੱਗੀ ਹੈ।’’ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਇਮਾਮੂਦੀਨ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਮੁਤਾਬਕ ਦੋਸ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇੱਕ ਹੋਰ ਘਟਨਾ ਵਿੱਚ ਆਜ਼ਾਦ ਉਮੀਦਵਾਰ ਮੁਸੱਬਿਰ ਅਲੀ ਅਹਿਮਦ ਕਟਿਮਾਰੀ ਆਪਣੇ ਘਰ ਨੇੜੇ ਬੇਹੋਸ਼ ਮਿਲਿਆ। -ਪੀਟੀਆਈ