ਕਾਨਪੁਰ (ਉੱਤਰ ਪ੍ਰਦੇਸ਼), 3 ਜੂਨ
ਪੈਗੰਬਰ ਮੁਹੰਮਦ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਦੇ ਵਿਰੋਧ ਵਿੱਚ ਅੱਜ ਜੁੰਮੇ ਦੀ ਨਮਾਜ਼ ਮਗਰੋਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਦੌਰਾਨ ਦੋ ਧੜਿਆਂ ਦੇ ਲੋਕਾਂ ਵੱਲੋਂ ਇੱਕ-ਦੂਜੇ ’ਤੇ ਪਥਰਾਅ ਕਾਰਨ ਇੱਥੇ ਕੁੱਝ ਇਲਾਕਿਆਂ ਵਿੱਚ ਹਿੰਸਾ ਭੜਕ ਗਈ। ਪੁਲੀਸ ਨੇ ਦੱਸਿਆ ਕਿ ਕਾਨਪੁਰ ਵਿੱਚ ਪਰੇਡ, ਨਈ ਸੜਕ ਅਤੇ ਯਤੀਮਖ਼ਾਨਾ ਇਲਾਕੇ ਵਿੱਚ ਹਿੰਸਾ ਹੋਈ ਹੈ। ਪੁਲੀਸ ਦੇ ਇੱਕ ਵਿਸ਼ੇਸ਼ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਦੀ ਤਰਜਮਾਨ ਨੁਪੁਰ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਟੀਵੀ ਚਰਚਾ ਦੌਰਾਨ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਤੌਰ ਤੌਰ ’ਤੇ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਦੇ ਵਿਰੋਧ ਵਿੱਚ ਅੱਜ ਜਦੋਂ ਇੱਕ ਸਮੂਹ ਦੇ ਲੋਕਾਂ ਨੇ ਜਬਰੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧੜਿਆਂ ਨੇ ਨਾ ਸਿਰਫ਼ ਇੱਕ-ਦੂਜੇ ’ਤੇ ਬੰਬ ਸੁੱਟੇ, ਸਗੋਂ ਗੋਲੀਆਂ ਵੀ ਚਲਾਈਆਂ। ਜਬਰਨ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਪੁਲੀਸ ਨਾਲ ਵੀ ਝੜਪ ਹੋਈ। ਪੁਲੀਸ ਨੇ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਵੀ ਕੀਤਾ। ਕਾਨਪੁਰ ਦੀ ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਦੱਸਿਆ ਕਿ ਹਿੰਸਾ ਦੌਰਾਨ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਹੋਰ ਨਫ਼ਰੀ ਦੀ ਮੰਗ ਵੀ ਕੀਤੀ ਹੈ। ਮੌਕੇ ’ਤੇ ਪੁੱਜੇ ਕਾਨਪੁਰ ਦੇ ਪੁਲੀਸ ਕਮਿਸ਼ਨਰ ਵਿਜੈ ਸਿੰਘ ਮੀਨਾ ਨੇ ਕਿਹਾ, ‘‘ਅਚਾਨਕ ਤਕਰੀਬਨ 50-100 ਲੋਕ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ, ਜਿਸ ਦਾ ਦੂਜੇ ਧੜੇ ਨੇ ਵਿਰੋਧ ਕੀਤਾ। ਇਸ ਮਗਰੋਂ ਪਥਰਾਅ ਹੋਣ ਲੱਗਿਆ। ਪੁਲੀਸ ਨੇ ਬਹੁਤ ਹੱਦ ਤੱਕ ਹਾਲਾਤ ’ਤੇ ਕਾਬੂ ਪਾ ਲਿਆ ਹੈ।’’ ਉਨ੍ਹਾਂ ਦੱਸਿਆ ਕਿ ਫਿਲਹਾਲ ਕਰੀਬ 20 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਹਨ। -ਪੀਟੀਆਈ
ਪੁਲੀਸ ਵੱਲੋਂ 18 ਜਣੇ ਗ੍ਰਿਫ਼ਤਾਰ
ਲਖਨਊ: ਪੁਲੀਸ ਨੇ ਕਾਨਪੁਰ ਹਿੰਸਾ ਨਾਲ ਸਬੰਧਤ 18 ਮੁਲਜ਼ਮਾਂ ਨੂੰ ਵੀਡੀਓ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਹਿੰਸਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਘਟਨਾ ਨਾਲ ਸਬੰਧਤ ਵੀਡੀਓ ਕਲਿੱਪ ਦੇ ਆਧਾਰ ’ਤੇ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇਗੀ। -ਪੀਟੀਆਈ