ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਜੁਲਾਈ
ਭਾਰਤ ਨੇ ਢਾਕਾ ਤੇ ਹੋਰਨਾਂ ਸ਼ਹਿਰਾਂ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਲਈ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਹੁਣ ਤੱਕ 100 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਪੂਰਬੀ ਰੇਲਵੇ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ, ‘‘ਨਾ ਟਾਲਣਯੋਗ ਕਾਰਨਾਂ ਕਰਕੇ 13107 ਢਾਕਾ-ਕੋਲਕਾਤਾ ਮੈਤਰੀ ਐੱਕਸਪ੍ਰੈੱਸ ਤੇ 13108 ਢਾਕਾ-ਕੋਲਕਾਤਾ ਮੈਤਰੀ ਐਕਸਪ੍ਰੈੱਸ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਕਾਂ ਦੀ ਉਪਲਬਧਤਾ ਨੂੰ ਲੈ ਕੇ ਜਾਰੀ ਬੇਯਕੀਨੀ ਦੇ ਹਵਾਲੇ ਨਾਲ ਪੂਰਬੀ ਰੇਲਵੇੇ ਨੇ 13129 ਕੋਲਕਾਤਾ-ਖੁਲਨਾ ਬੰਧਨ ਐਕਸਪ੍ਰੈੱਸ ਤੇ 13130 ਖੁਲਨਾ ਕੋਲਕਾਤਾ ਬੰਧਨ ਐਕਸਪ੍ਰੈੱਸ ਵੀ ਰੱਦ ਕਰ ਦਿੱਤੀ ਹੈ। ਪੁਲੀਸ ਨੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੂਰੇ ਬੰਗਲਾਦੇਸ਼ ਵਿਚ ਕਰਫਿਊ ਲਾਉਂਦਿਆਂ ‘ਮੌਕੇ ’ਤੇ ਗੋਲੀ ਮਾਰਨ’ ਦੇ ਹੁਕਮ ਦਿੱਤੇ ਹਨ। ਸਰਕਾਰ ਨੌਕਰੀਆਂ ਵਿਚ ਰਾਖਵੇਂਕਰਨ ਖਿਲਾਫ਼ ਪ੍ਰਦਰਸ਼ਨਾਂ ਦੌਰਾਨ ਹੋਈਆਂ ਝੜਪਾਂ ਮਗਰੋਂ ਫੌਜ ਵੱਲੋਂ ਢਾਕਾ ਦੀਆਂ ਸੜਕਾਂ ’ਤੇ ਗਸ਼ਤ ਕੀਤੀ ਜਾ ਰਹੀ ਹੈ।