ਨਵੀਂ ਦਿੱਲੀ:
ਪੱਛਮੀ ਬੰਗਾਲ ਭਾਜਪਾ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੇ ਸੰਸਦ ਮੈਂਬਰ ਪਿਤਾ ਅਤੇ ਭਰਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਵਾਈ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਕੁਮਾਰ ਅਧਿਕਾਰੀ ਤੇ ਭਰਾ ਦਬਿਯੇਂਦੂ ਅਧਿਕਾਰੀ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਖਤਰੇ ਦੇ ਅਨੁਮਾਨ ਦੀ ਰਿਪੋਰਟ ਦੇ ਆਧਾਰ ’ਤੇ ਮੰਤਰਾਲੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਸ਼ਿਸ਼ਿਰ ਕੁਮਾਰ ਅਧਿਕਾਰੀ ਕਾਂਠੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਜਦਕਿ ਦਬਿਯੇਂਦੂ ਅਧਿਕਾਰੀ ਰਾਜ ’ਚ ਤਮਲੁਕ ਤੋਂ ਟੀਐੱਮਸੀ ਦੇ ਸੰਸਦ ਮੈਂਬਰ ਹਨ। ਸੂਤਰਾਂ ਨੇ ਦੱਸਿਆ ਕਿ ਦੋਵਾਂ ਆਗੂਆਂ ਦੀ ਸੁਰੱਖਿਆ ਨੂੰ ਖਤਰੇ ਦੇ ਮੱਦੇਨਜ਼ਰ ਇਹ ਸੁਰੱਖਿਆ ਮੁਹੱਈਆ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਸੀ।
-ਪੀਟੀਆਈ