ਨਵੀਂ ਦਿੱਲੀ, 7 ਸਤੰਬਰ
ਵਾਤਵਾਰਨ ਮੰਤਰਾਲੇ ਦੀ ਖੇਤਰੀ ਕਮੇਟੀ ਨੇ 8.11 ਹੈਕਟੇਅਰ ਜੰਗਲਾਤ ਦੀ ਜ਼ਮੀਨ ਹੋਰ ਥਾਂ ਤਬਦੀਲ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸ ਥਾਂ ਉਤੇ ਇੰਦਰਾ ਗਾਂਧੀ ਆਰਟਸ ਕੇਂਦਰ ਸਥਿਤ ਹੈ ਤੇ ਜ਼ਮੀਨ ਦੀ ਵਰਤੋਂ ਕੇਂਦਰੀ ਵਿਸਟਾ ਮੁੜ ਉਸਾਰੀ ਪ੍ਰਾਜੈਕਟ ਦੀਆਂ ਤਿੰਨ ਇਮਾਰਤਾਂ ਉਸਾਰਨ ਲਈ ਕੀਤੀ ਜਾਣੀ ਹੈ। ਜੰਗਲ ਨੂੰ ਹੋਰ ਥਾਂ ਲਿਜਾਣ ਬਾਰੇ ਆਖ਼ਰੀ ਫ਼ੈਸਲਾ ਕੇਂਦਰ ਸਰਕਾਰ ਲਏਗੀ। ਇਸ ਥਾਂ ਉਤੇ ਪ੍ਰਤੀ ਹੈਕਟੇਅਰ 250 ਦਰੱਖਤ ਹਨ। ਇਸ ਲਈ ਇਸ ਨੂੰ ‘ਡੀਮਡ ਫਾਰੈਸਟ’ ਦੇ ਵਰਗ ਵਿਚ ਰੱਖਿਆ ਗਿਆ ਸੀ। ਇਸ ਜ਼ਮੀਨ ਨਾਲ ਕਿਸੇ ਵੀ ਤਰ੍ਹਾਂ ਦੇ ਛੇੜਛਾੜ ਲਈ ਜੰਗਲਾਤ ਰੱਖ-ਰਖਾਅ ਐਕਟ, 1980 ਤਹਿਤ ਪ੍ਰਵਾਨਗੀ ਜ਼ਰੂਰੀ ਹੈ। ਇਸ ਥਾਂ ਉਤੇ ਹੁਣ 2219 ਦਰੱਖਤ ਹਨ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ 1734 ਦਰੱਖਤਾਂ ਨੂੰ ਹੋਰ ਥਾਂ ਲਾਉਣ (ਟਰਾਂਸਪਲਾਂਟ) ਕਰਨ ਦੀ ਇਜਾਜ਼ਤ ਮੰਗੀ ਸੀ। ਜਦਕਿ 485 ਦਰੱਖਤ ਪਹਿਲਾਂ ਵਾਲੀ ਥਾਂ ਹੀ ਰਹਿਣਗੇ। ਇਸ ਜ਼ਮੀਨ ਉਤੇ ਕੇਂਦਰੀ ਸਕੱਤਰੇਤ ਦੀਆਂ ਤਿੰਨ ਇਮਾਰਤਾਂ 3269 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾਣਗੀਆਂ। -ਪੀਟੀਆਈ