ਰਾਂਚੀ, 12 ਨਵੰਬਰ
ਝਾਰਖੰਡ ਦੀ 81 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵੀ ਚੋਣ ਅਮਲ ਤਹਿਤ ਭਲਕੇ 13 ਨਵੰਬਰ ਨੂੰ ਪਹਿਲੇ ਗੇੜ ’ਚ 43 ਹਲਕਿਆਂ ’ਚ ਵੋਟਾਂ ਪੈਣਗੀਆਂ। ਸੂਬੇ ’ਚ ਦੂਜੇ ਗੇੜ ਦਾ ਮਤਦਾਨ 20 ਨਵੰਬਰ ਹੋਵੇਗਾ। ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ। ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਦੌਰਾਨ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ ’ਤੇ ਤਿੱਖੇ ਹਮਲੇ ਕੀਤੇ। ਚੋਣਾਂ ’ਚ ਮੁੱਖ ਮੁਕਾਬਲਾ ਕਾਂਗਰਸ-ਝਾਰਖੰਡ ਮੁਕਤੀ ਮੋਰਚਾ (ਜੇਐੈੱੱਮਐੱਮ) ਗੱਠਜੋੜ ਅਤੇ ਭਾਜਪਾ ਵਿਚਾਲੇ ਹੈ। ਭਾਜਪਾ ਨੇ ਚੋਣ ਰੈਲੀਆਂ ਦੌਰਾਨ ਕਾਂਗਰਸ ’ਤੇ ਜਾਤੀ ਅਧਾਰਿਤ ਵੰਡੀਆਂ ਪਾਉਣ ਤੇ ਜੇਐੱਮਐੱਮ ’ਤੇ ਘੁਸਪੈਠ ਨਾ ਰੋਕਣ ਦਾ ਦੋਸ਼ ਲਾਇਆ, ਜਦਕਿ ਕਾਂਗਰਸ ਵੱਲੋਂ ਦੋਸ਼ ਲਾਇਆ ਗਿਆ ਕਿ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਇਸੇ ਦੌਰਾਨ ਕਾਂਗਰਸ ਨੇ 43 ਅਸੈਂਬਲੀ ਹਲਕਿਆਂ ’ਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਨੇ ਚੋਣ ਮਨੋਰਥ ਪੱਤਰ ’ਚ 250 ਯੂਨਿਟ ਮੁਫ਼ਤ ਬਿਜਲੀ, ਜਾਤੀ ਅਧਾਰਿਤ ਜਨਗਣਨਾ ਤੇ ਸਰਕਾਰੀ ਅਦਾਰਿਆ ’ਚ ਖਾਲੀ ਅਸਾਮੀਆਂ ਇੱਕ ਸਾਲ ਦੇ ਅੰਦਰ ਭਰਨ ਦਾ ਵਾਅਦਾ ਕੀਤਾ ਹੈ। ਪਾਰਟੀ ਦੇ ਮੈਨੀਫੈਸਟੋ ਕਮੇਟੀ ਚੇਅਰਮੈਨ ਬੰਧੂ ਟਿਰਕੀ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕਬਾਇਲੀਆਂ ਲਈ ਸਰਨਾ ਧਾਰਮਿਕ ਜ਼ਾਬਤਾ ਲਾਗੂ ਕਰਨ ਸਣੇ ਸੱਤ ਵਾਅਦਿਆਂ ’ਤੇ ਕੇਂਦਰਤ ਹੈ। ਦੂਜੇ ਪਾਸੇ ਬਾਘਮਾਰ ’ਚ ਚੋਣ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵਕਫ ਬੋਰਡ ’ਤੇ ਕਰਨਾਟਕ ’ਚ ਮੰਦਰਾਂ, ਪਿੰਡਾਂ ਦੇ ਲੋਕਾਂ ਤੇ ਹੋਰਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਦੋਸ਼ ਲਾਇਆ ਤੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਬੋਰਡ ’ਚ ਬਦਲਾਅ ਅਤੇ ਕਾਨੂੰਨ ਨੂੰ ਸੋਧ ਕੀਤੀ ਜਾਵੇ। ਉਨ੍ਹਾਂ ਆਖਿਆ, ‘‘ਭਾਜਪਾ ਵਕਫ ਐਕਟ ’ਚ ਸੋਧ ਲਈ ਬਿੱਲ ਪਾਸ ਕਰੇਗੀ ਅਤੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ।’’ ਜਦਕਿ ਜਮੂਆ ’ਚ ਚੋਣ ਰੈਲੀ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ’ਤੇ ਪਛੜੇ ਵਰਗਾਂ ਦੀ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਗਵਾ ਪਾਰਟੀ ਜਾਤ, ਨਸਲ ਜਾਂ ਧਰਮ ਤੇ ਆਧਾਰ ’ਤੇ ਵਿਤਕਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ’ਚ 27 ਓਬੀਸੀ ਮੰਤਰੀ ਹਨ। ਇਸ ਤੋਂ ਇਲਾਵਾ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਧਨਬਾਦ ਜ਼ਿਲ੍ਹੇ ਜਿੱਥੇ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ, ਵਿੱਚ ਚੋਣ ਰੈਲੀ ਮੌਕੇ ਸੱਤਾਧਾਰੀ ਜੇਐੱਮਐੱਮ ਗੱਠਜੋੜ ’ਤੇ ਝਾਰਖੰਡ ਦੇ ਸਰੋਤਾਂ ਦੀ ਲੁੱਟ ਕਰਨ ਦਾ ਦੋਸ਼ ਲਾਇਆ ਅਤੇ ਵੋਟਰਾਂ ਨੂੰ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ। -ਪੀਟੀਆਈ