ਨਵੀਂ ਦਿੱਲੀ, 7 ਅਗਸਤ
ਜਗਦੀਪ ਧਨਖੜ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਸੂਤਰਾਂ ਅਨੁਸਾਰ ਧਨਖੜ ਨੂੰ 528 ਜਦੋਂ ਕਿ ਅਲਵਾ ਨੂੰ 182 ਵੋਟ ਮਿਲੇ ਹਨ। ਇਨ੍ਹਾਂ ਚੋਣਾਂ ਵਿੱਚ ਲਗਪਗ 93 ਫੀਸਦੀ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ ਸੀ। ਇਸ ਚੋਣ ਵਿੱਚ 725 ਸੰਸਦ ਮੈਂਬਰਾਂ ਨੇ ਵੋਟ ਪਾਈ। ਇਨ੍ਹਾਂ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ ਦੇ ਉਮੀਦਵਾਰ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ (71) ਤੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ (80) ਵਿਚਾਲੇ ਸਿੱਧਾ ਮੁਕਾਬਲਾ ਸੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਪਾਉਣ ਵਾਲੇ ਪਹਿਲੇ ਸੰਸਦ ਮੈਂਬਰਾਂ ਵਿੱਚੋਂ ਸਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ ,ਕਈ ਕੇਂਦਰੀ ਮੰਤਰੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ।
ਮਨਮੋਹਨ ਸਿੰਘ ਵ੍ਹੀਲ ਚੇਅਰ ‘ਤੇ ਸੰਸਦ ਭਵਨ ਪਹੁੰਚੇ ਅਤੇ ਉਪ ਰਾਸ਼ਟਰਪਤੀ ਚੋਣ ‘ਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਿਛਲੇ ਮਹੀਨੇ ਰਾਸ਼ਟਰਪਤੀ ਚੋਣ ਵਿੱਚ ਵੀ ਵ੍ਹੀਲਚੇਅਰ ‘ਤੇ ਸੰਸਦ ਭਵਨ ਪਹੁੰਚ ਕੇ ਆਪਣੀ ਵੋਟ ਪਾਈ ਸੀ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਲੋਕ ਸਭਾ ਵਿੱਚ ਪੂਰਨ ਬਹੁਮਤ ਅਤੇ ਰਾਜ ਸਭਾ ਵਿੱਚ 91 ਮੈਂਬਰ ਹੋਣ ਨਾਲ ਸ੍ਰੀ ਧਨਖੜ ਦੀ ਵਿਰੋਧੀ ਉੱਤੇ ਸਪੱਸ਼ਟ ਜਿੱਤ ਨਜ਼ਰ ਆ ਰਹੀ ਹੈ। ਉਹ ਮੌਜੂਦਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ।